''ਅਣਖ'' ਖ਼ਾਤਰ ਕਤਲ ''ਤੇ ਰੋਕ, ਖਾਪ ਪੰਚਾਇਤ ਦੇ ਫ਼ਰਮਾਨ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਨੇ ਬਣਾਏ ਨਿਯਮ

10/21/2022 6:09:55 PM

ਮੁੰਬਈ (ਭਾਸ਼ਾ)- ਮਹਾਰਾਸ਼ਟਰ ਸਰਕਾਰ ਨੇ ਝੂਠੀ ਸ਼ਾਨ ਖ਼ਾਤਰ ਕਤਲ (ਆਨਰ ਕਿਲਿੰਗ) 'ਖਾਪ ਪੰਚਾਇਤ' ਦੇ ਫ਼ਰਮਾਨਾ, ਮੌਬ ਲਿੰਚਿੰਗ ਅਤੇ ਹਿੰਸਾ ਨੂੰ ਰੋਕਣ ਲਈ ਨਿਯਮ ਬਣਾਏ ਹਨ ਅਤੇ ਨਾਲ ਹੀ ਪੁਲਸ ਡਾਇਰੈਕਟਰ ਜਨਰਲ ਨੂੰ ਰਾਜ ਦੀਆਂ ਫ਼ੋਰਸਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਜਾਰੀ ਸਰਕਾਰੀ ਮਤੇ (ਜੀ.ਆਰ.) 'ਚ ਜਿਹੜੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਇਸ ਮੁੱਦੇ 'ਤੇ ਸੁਪਰੀਮ ਕੋਰਟ ਦੀਆਂ ਸਿਫ਼ਾਰਿਸ਼ਾਂ ਦੇ ਅਨੁਰੂਪ ਹਨ। ਜੀਆਰ 'ਚ ਨਿਰਦੇਸ਼ ਦਿੱਤਾ ਗਿਆ ਹੈ ਕਿ ਮਹਾਰਾਸ਼ਟਰ ਦੇ ਪੁਲਸ ਥਾਣਿਆਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰ 'ਚ ਅੰਤਰ-ਜਾਤੀ ਜਾਂ ਅੰਤਰ-ਧਾਰਮਿਕ ਵਿਆਹ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਚੌਕਸੀ ਵਰਤਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪਸ਼ੂ ਪ੍ਰੇਮੀਆਂ ਨੂੰ ਸਖ਼ਤ ਚਿਤਾਵਨੀ, ਅਵਾਰਾ ਕੁੱਤਿਆਂ ਨੂੰ ਖਾਣਾ ਖੁਆਉਣਾ ਹੈ ਤਾਂ ਆਪਣੇ ਘਰ 'ਚ ਖੁਆਓ

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 'ਖਾਪ ਪੰਚਾਇਤ' ਅਤੇ ਇਸ ਤਰ੍ਹਾਂ ਦੇ ਸੰਗਠਨਾਂ ਬਾਰੇ ਜ਼ਿਲ੍ਹਾ ਅਤੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਨ੍ਹਾਂ ਸੰਗਠਨਾਂ ਦੇ ਮੈਂਬਰਾਂ ਨਾਲ ਸੰਪਰਕ ਵਿਚ ਰਹਿਣਾ ਚਾਹੀਦਾ ਅਤੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਾਨੂੰਨ ਅਨੁਸਾਰ ਅਜਿਹੀਆਂ ਮੀਟਿੰਗਾਂ ਦੀ ਇਜਾਜ਼ਤ ਨਹੀਂ ਹੈ। ਜੀਆਰ ਦੇ ਅਨੁਸਾਰ, ਸਥਾਨਕ ਪੁਲਸ ਨੂੰ ਚੌਕਸ ਰਹਿਣਾ ਚਾਹੀਦਾ ਅਤੇ ਜੇ ਲੋੜ ਹੋਵੇ, ਤਾਂ ਉਹ ਅਜਿਹੀਆਂ ਬੈਠਕਾਂ 'ਤੇ ਪਾਬੰਦੀ ਵੀ ਲਗਾਉਣ। ਇਸ ਅਨੁਸਾਰ ਜੇਕਰ ਪਾਬੰਦੀ ਦੇ ਬਾਵਜੂਦ ਮੀਟਿੰਗ ਹੁੰਦੀ ਹੈ ਤਾਂ ਇਹ ਡਿਪਟੀ ਪੁਲਸ ਕਮਿਸ਼ਨਰ ਦੀ ਹਾਜ਼ਰੀ 'ਚ ਕੀਤੀ ਜਾਣੀ ਚਾਹੀਦੀ ਹੈ ਅਤੇ ਭਾਗ ਲੈਣ ਵਾਲਿਆਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਸਬੰਧਤ ਪ੍ਰੇਮੀ ਜੋੜੇ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਕੋਈ ਫ਼ੈਸਲਾ ਨਾ ਲਿਆ ਜਾਵੇ। ਜੀਆਰ 'ਚ ਕਿਹਾ ਗਿਆ ਹੈ ਕਿ ਪੁਲਸ ਨੂੰ ਅਜਿਹੀਆਂ ਮੀਟਿੰਗਾਂ ਦੀ ਵੀਡੀਓਗ੍ਰਾਫੀ ਕਰਨੀ ਪਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਫ਼ੈਸਲੇ ਲੈਣ ਵਾਲਿਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News