ਮੰਦਰ ''ਚ ਕਟੀ-ਵੱਢੀ ਜੀਨਸ, ਮਿੰਨੀ ਸਕਰਟ ਤੇ ਹਾਫ਼ ਪੈਂਟ ਪਹਿਨਣ ਵਾਲਿਆਂ ਦੀ ਐਂਟਰੀ ''ਤੇ ਪਾਬੰਦੀ

05/18/2023 10:52:33 AM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਪ੍ਰਸਿੱਧ ਬਾਲਾਜੀ ਮੰਦਰ ਦੀ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਮੰਦਰ ਪਰਿਸਰ ’ਚ ਕਟੀ-ਵੱਢੀ ਜੀਨਸ, ਮਿੰਨੀ ਸਕਰਟ ਅਤੇ ਹਾਫ ਪੈਂਟ ਪਹਿਨਣ ਵਾਲਿਆਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ। ਮੰਦਰ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਨਵੀਂ ਮੰਡੀ ਇਲਾਕੇ ’ਚ ਸਥਿਤ ਬਾਲਾਜੀ ਧਾਮ ਮੰਦਰ ਕਮੇਟੀ ਦੇ ਪ੍ਰਧਾਨ ਸ਼ੰਕਰ ਤਾਇਲ ਨੇ ਸ਼ਰਧਾਲੂਆਂ ਲਈ ਜਾਰੀ ਨਵੀਆਂ ਹਦਾਇਤਾਂ ਬਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਕਮੇਟੀ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਸਹੀ ਕੱਪੜਿਆਂ ’ਚ ਮੰਦਰ ਆਉਣ ਦੀ ਅਪੀਲ ਕੀਤੀ ਗਈ ਹੈ, ਇਸ ਲਈ ਮੰਦਰ ਦੇ ਸਾਹਮਣੇ ਇਕ ਨੋਟਿਸ ਵੀ ਲਗਾਇਆ ਗਿਆ ਹੈ।

ਮੰਦਰ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਨੋਟਿਸ ’ਚ ਲਿਖਿਆ ਹੈ ਕਿ ਸਾਰੀਆਂ ਔਰਤਾਂ ਅਤੇ ਮਰਦ ਮੰਦਰ 'ਚ ਸਹੀ ਢੰਗ ਦੇ ਕੱਪੜੇ ਪਾ ਕੇ ਆਉਣ। ਛੋਟੇ ਕੱਪੜੇ, ਹਾਫ ਪੈਂਟ, ਮਿੰਨੀ ਸਕਰਟ, ਨਾਈਟ ਸੂਟ, ਕਟੀ-ਵੱਢੀ ਜੀਨਸ, ਜੁਰਾਬਾਂ, ਚਮੜੇ ਦੀ ਬੈਲਟ ਪਾ ਕੇ ਆਉਣ ਵਾਲੇ ਲੋਕ ਬਾਹਰੋਂ ਹੀ ਦਰਸ਼ਨ ਕਰ ਕੇ ਸਹਿਯੋਗ ਕਰਨ। 

ਤਾਇਲ ਨੇ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਸ਼ਰਧਾਲੂ ਅਜਿਹੇ ਕੱਪੜਿਆਂ ’ਚ ਮੰਦਰ ’ਚ ਆ ਰਹੇ ਹਨ ਜੋ ਧਾਰਮਿਕ ਸਥਾਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹਨ ਅਤੇ ਇਸ ਲਈ ਅਸੀਂ ਲੋਕਾਂ ਨੂੰ ਇਹ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ। ਤਾਇਲ ਨੇ ਇਹ ਵੀ ਦਾਅਵਾ ਕੀਤਾ ਕਿ ਨਵੇਂ ਨਿਰਦੇਸ਼ਾਂ ਨੂੰ ਲੈ ਕੇ ਕਈ ਲੋਕਾਂ ਤੋਂ ਸਕਾਰਾਤਮਕ ਪ੍ਰਤੀਕਿਰਿਆ ਮਿਲੀ ਹੈ।

Tanu

This news is Content Editor Tanu