ਪ੍ਰੋਫੈਸਰ ਨੇ ਵਟਸਐਪ ''ਤੇ ਦਿੱਤਾ ਤਲਾਕ,  ਪਤਨੀ ਨੇ ਦਿੱਤੀ ਸੁਸਾਈਡ ਦੀ ਧਮਕੀ

11/13/2017 3:59:26 PM

ਅਲੀਗੜ੍ਹ - ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ 'ਤੇ ਦੋਸ਼ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਵਟਸਐਪ ਅਤੇ ਐੱਸ. ਐੱਮ. ਐੱਸ. ਰਾਹੀਂ ਤਿੰਨ ਤਲਾਕ ਦੇ ਦਿੱਤਾ ਹੈ। ਇਸ ਸਬੰਧੀ ਯਾਸਮੀਨ ਖਾਲਿਦ ਨੇ ਦੱਸਿਆ ਕਿ ਉਸ ਦੇ ਪਤੀ ਪ੍ਰੋਫੈਸਰ ਖਾਲਿਦ ਬਿਨ ਯੂਸੁਫ ਖਾਨ ਐੱਸ. ਐੱਮ. ਯੂ. 'ਚ ਸੰਸਕ੍ਰਿਤ ਵਿਭਾਗ ਦੇ ਚੇਅਰਮੈਨ ਹਨ ਅਤੇ ਬੀਤੇ 27 ਸਾਲਾਂ ਤੋਂ ਉਥੇ ਕੰਮ ਕਰ ਰਹੇ ਹਨ।
ਯਾਸਮੀਨ ਨੇ ਤਲਾਕ ਮਿਲਣ ਤੋਂ ਬਾਅਦ ਧਮਕੀ ਦਿੱਤੀ ਹੈ ਕਿ ਜੇਕਰ ਉਸ ਨੂੰ 11 ਦਸੰਬਰ ਤੱਕ ਨਿਆਂ ਨਾ ਮਿਲਿਆ ਤਾਂ ਉਹ ਏ. ਐੱਮ. ਯੂ. ਦੇ ਵੀ. ਸੀ. ਦੇ ਘਰ ਸਾਹਮਣੇ ਬੱਚਿਆਂ ਨਾਲ ਸੁਸਾਈਡ ਕਰ ਲਵੇਗੀ।
ਉਥੇ ਦੂਜੇ ਪਾਸੇ ਪ੍ਰੋਫੈਸਰ ਖਾਲਿਦ ਨੇ ਆਪਣੀ ਪਤਨੀ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾ ਨੇ ਆਪਣੀ ਪਤਨੀ ਨੂੰ ਦੋ ਲੋਕਾਂ ਦੇ ਸਾਹਮਣੇ ਤਲਾਕ ਦਿੱਤਾ ਹੈ ਤੇ ਨਾਲ ਹੀ ਇਸ ਸਬੰਧੀ ਵਟਸਐਪ ਅਤੇ ਐੱਸ. ਐੱਮ. ਐੱਸ. ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਨੇ ਮੇਰੇ ਤੋਂ ਕਈ ਚੀਜ਼ਾਂ ਲੁਕੋਈਆਂ ਹਨ, ਜਿਸ ਦਾ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ। ਫਿਲਹਾਲ ਮਾਮਲਾ ਇਸ ਲਈ ਵੀ ਸੁਰਖੀਆ 'ਚ ਹੈ ਕਿਉਂਕਿ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਨੇ ਇਸੇ ਸਾਲ ਅਗਸਤ 'ਚ ਇਸ ਤਰ੍ਹਾਂ ਤਿੰਨ ਤਲਾਕ ਦੇਣ ਨੂੰ ਅਸੰਵਿਧਾਨਕ ਠਹਿਰਾਇਆ ਸੀ।