ਐੱਸ-400 ਮਿਜ਼ਾਇਲਾਂ ਦਾ ਉਤਪਾਦਨ ਸ਼ੁਰੂ, 2025 ਤਕ ਕਰ ਦਿੱਤੀ ਜਾਵੇਗੀ ਸਪਲਾਈ : ਰੂਸ

01/17/2020 8:05:53 PM

ਨਵੀਂ ਦਿੱਲੀ — ਰੂਸ ਦੇ ਡਿਪਟੀ ਚੀਫ ਆਫ ਮਿਸ਼ਨ ਰੋਮਨ ਬਬੁਸ਼ਕਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨੂੰ ਸਾਰੀ ਐੱਸ-400 ਹਵਾਈ ਰੱਖਿਆ ਮਿਜ਼ਾਇਲ ਪ੍ਰਣਾਲੀ ਦੀ ਸਪਲਾਈ 2025 ਤਕ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਨੂੰ ਦਿੱਤੀ ਜਾਣ ਵਾਲੀ ਐੱਸ-400 ਮਿਜ਼ਾਇਲਾਂ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਬਬੁਸ਼ਕਿਨ ਨੇ ਕਿਹਾ ਕਿ ਇਸ ਸਾਲ ਅਕਤੂਬਰ ਤਕ ਮਿਜ਼ਾਇਲ ਸਿਸਟਮ ਦੀ ਸ਼ੁਰੂਆਤੀ ਖੇਪ ਭਾਰਤ ਪਹੁੰਚ ਜਾਵੇਗੀ, ਬਾਕੀ 2023 ਤਕ ਭਾਰਤੀ ਹਵਾਈ ਫੌਜ 'ਚ ਸ਼ਾਮਲ ਹੋਣ ਦੀ ਉਮੀਦ ਹੈ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ-ਭਾਰਤ ਚੀਨ ਤਿੰਨ ਪੱਖੀ ਬੈਠਕ 'ਚ ਹਿੱਸਾ ਲੈਣ ਲਈ 22 ਅਤੇ 23 ਮਾਰਚ ਨੂੰ ਰੂਸ ਜਾਣਗੇ। ਐੱਸ-300 ਦਾ ਸੁਧਰਿਆ ਹੋਇਆ ਸੰਸਕਰਣ ਐੱਸ-400 ਪਹਿਲਾਂ ਰੂਸ ਦੇ ਰੱਖਿਆ ਬਲਾਂ ਨੂੰ ਹੀ ਉਪਲੱਬਧ ਸੀ। ਇਸ ਦਾ ਨਿਰਮਾਣ ਅਲਮਾਜ-ਅੰਤੇ ਕਰਾ ਹੈ ਅਤੇ ਇਹ 2007 ਤੋਂ ਰੂਸ ਦੇ ਬੇੜੇ 'ਚ ਸ਼ਾਮਲ ਹੈ।
ਦੱਸਣਯੋਗ ਹੈ ਕਿ ਐੱਸ-400 ਖਰੀਦਣ ਵਾਲਾ ਭਾਰਤ ਤੀਜਾ ਦੇਸ਼ ਹੈ। ਚੀਨ ਨੇ ਵੀ ਰੂਸ ਤੋਂ ਇਸ ਨੂੰ ਖਰੀਦਿਆ ਹੈ। ਐੱਸ-400 ਦਾ ਸਭ ਤੋਂ ਪਹਿਲਾਂ ਰੂਸ ਨੇ ਸਾਲ 2007 'ਚ ਇਸਤੇਮਾਲ ਕੀਤਾ ਸੀ। ਇਹ ਐੱਸ-300 ਦਾ ਅਪਡੇਟ ਵਰਜਨ ਹੈ। ਇਸ ਇਕ ਮਿਜ਼ਾਇਲ 'ਚ ਕਈ ਸਿਸਟਮ ਇਕੱਠੇ ਲੱਗੇ ਹੋਣ ਕਾਰਨ ਇਸ ਦੀ ਰਣਨੀਤਕ ਸਮਰੱਥਾ ਕਾਫੀ ਮਜਬੂਤ ਮੰਨੀ ਜਾਂਦੀ ਹੈ। 400 ਕਿਲੋਮੀਟਰ ਦੀ ਰੇਂਜ 'ਚ ਇਕੱਠੇ ਕਈ ਲੜਾਕੂ ਜਹਾਜ਼, ਬੈਲਿਸਟਿਕ ਤੇ ਕਰੂਜ ਮਿਜ਼ਾਇਲ ਅਤੇ ਡਰੋਨ 'ਤੇ ਇਹ ਹਮਲਾ ਕਰ ਸਕਦਾ ਹੈ।

Inder Prajapati

This news is Content Editor Inder Prajapati