ਪ੍ਰਿਯੰਕਾ ਹੱਥ UP ਦੀ ਕਮਾਨ, ਕਾਂਗਰਸ ਲਈ ਫਿਰ ਵੀ ਰਾਹ ਨਹੀਂ ਆਸਾਨ

02/11/2019 11:00:42 AM

ਲਖਨਊ— ਕਾਂਗਰਸ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ (ਯੂ. ਪੀ.) ਦੀ ਪ੍ਰਭਾਰੀ ਪ੍ਰਿਯੰਕਾ ਗਾਂਧੀ ਵਾਡਰਾ ਲਈ ਰਾਜਨੀਤਕ ਮੰਚ ਸੱਜ ਚੁੱਕਾ ਹੈ। ਕਾਂਗਰਸ ਵਰਕਰ ਉਤਸ਼ਾਹ 'ਚ ਹਨ। ਪੂਰਬੀ ਯੂ. ਪੀ. ਦੀ ਕਮਾਨ ਮਿਲਣ ਮਗਰੋਂ ਪ੍ਰਿਯੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਪਹਿਲੀ ਵਾਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਪਹੁੰਚ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਪਹਿਲਾ ਯੂ. ਪੀ. ਦੌਰਾ ਕੁਝ ਦਿਨਾਂ ਲਈ ਹੀ ਤੈਅ ਹੋਇਆ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਜਦੋਂ ਪ੍ਰਿਯੰਕਾ ਦੁਬਾਰਾ ਸੂਬੇ 'ਚ ਵਾਪਸ ਪਰਤੇਗੀ, ਤਾਂ ਇਕ ਮਹੀਨੇ ਲਈ ਪੂਰਬੀ ਉੱਤਰ ਪ੍ਰਦੇਸ਼ ਦਾ ਦੌਰਾ ਕਰੇਗੀ। ਪ੍ਰਿਯੰਕਾ ਗਾਂਧੀ ਦੇ ਆਉਣ ਨਾਲ ਪਾਰਟੀ ਕਾਫੀ ਉਤਸ਼ਾਹਤ ਹੈ। ਹਾਲਾਂਕਿ ਉਨ੍ਹਾਂ ਦੇ ਰਾਹ 'ਚ ਚੁਣੌਤੀਆਂ ਘੱਟ ਨਹੀਂ ਹਨ। ਯੂ. ਪੀ. 'ਚ ਬੁਰੇ ਦੌਰ 'ਚੋਂ ਲੰਘ ਰਹੀ ਕਾਂਗਰਸ ਦਾ ਚਮਤਕਾਰੀ ਪ੍ਰਦਰਸ਼ਨ ਹੋਣਾ ਇੰਨਾ ਆਸਾਨ ਨਹੀਂ ਹੈ।

 

ਪ੍ਰਿਯੰਕਾ ਗਾਂਧੀ ਵਾਡਰਾ ਲਈ ਸਭ ਤੋਂ ਵੱਡੀ ਚੁਣੌਤੀ ਇੱਥੇ ਸੰਗਠਨ ਨੂੰ ਫਿਰ ਖੜ੍ਹਾ ਕਰਨ ਦੀ ਹੋਵੇਗੀ। ਹੁਣ ਜਦੋਂ ਕਿ ਚੋਣਾਂ ਨੇੜੇ ਹਨ ਤਾਂ ਇੰਨੇ ਘੱਟ ਸਮੇਂ 'ਚ ਇਹ ਬਿਲਕੁਲ ਵੀ ਆਸਾਨ ਨਹੀਂ ਹੋਣ ਜਾ ਰਿਹਾ ਹੈ। ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਕਈ ਜ਼ਿਲ੍ਹਿਆਂ 'ਚ ਤਾਂ ਸਿਰਫ ਕਾਗਜ਼ਾਂ 'ਤੇ ਹੀ ਸੰਗਠਨ ਚੱਲ ਰਿਹਾ ਹੈ। ਸਿਰਫ ਪ੍ਰਧਾਨਾਂ ਦੇ ਨਾਮ ਤੈਅ ਹਨ ਪਰ ਸੰਗਠਨ ਦਾ ਅਤਾ-ਪਤਾ ਹੀ ਨਹੀਂ ਹੈ।
ਉੱਥੇ ਹੀ ਰਾਬਰਟ ਵਾਡਰਾ 'ਤੇ ਲੱਗੇ ਦੋਸ਼ਾਂ ਦਾ ਸਾਹਮਣਾ ਕਰਨਾ ਵੀ ਮੁਸ਼ਕਲ ਹੋਵੇਗਾ। ਪਾਰਟੀ ਉਸ ਦੌਰ ਨਾਲ ਵੀ ਜੂਝ ਰਹੀ ਹੈ, ਜਿੱਥੇ ਹਰ ਲੋਕ ਸਭਾ ਸੀਟ 'ਤੇ ਉਸ ਕੋਲ ਮਜਬੂਤ ਉਮੀਦਵਾਰ ਵੀ ਨਹੀਂ ਹਨ। ਪ੍ਰਿਯੰਕਾ ਲਈ ਇਹ ਸਭ ਘੱਟ ਸਮੇਂ 'ਚ ਠੀਕ ਕਰਨਾ ਵੱਡੀ ਚੁਣੌਤੀ ਹੋਵੇਗੀ। ਪਾਰਟੀ ਨੂੰ ਘੱਟੋ-ਘੱਟ ਇਸ ਤਰ੍ਹਾਂ ਦੇ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਲੱਗੇ ਕਿ ਕਾਂਗਰਸ ਵੀ ਸੂਬੇ 'ਚ ਲੜ ਰਹੀ ਹੈ।ਉੱਤਰ ਪ੍ਰਦੇਸ਼ 'ਚ 80 ਲੋਕ ਸਭਾ ਸੀਟਾਂ ਹਨ ਅਤੇ 2014 'ਚ ਸਿਰਫ 2 ਸੀਟਾਂ ਰਾਏ ਬਰੇਲੀ ਤੇ ਅਮੇਠੀ ਹੀ ਕਾਂਗਰਸ ਦੀ ਝੋਲੀ 'ਚ ਪਈਆਂ ਸਨ।

ਭਾਜਪਾ ਦੇ ਗੜ੍ਹ 'ਚ ਸੰਨ੍ਹ ਲਾਉਣਾ ਹੋਵੇਗਾ ਮੁਸ਼ਕਲ

ਪ੍ਰਿਯੰਕਾ ਗਾਂਧੀ ਪਹਿਲਾਂ ਕਾਂਗਰਸ ਪਾਰਟੀ 'ਚ ਪਰਦੇ ਪਿੱਛੇ ਰਣਨੀਤਕ ਤਿਆਰੀਆਂ ਦਾ ਹਿੱਸਾ ਰਹੀ ਹੈ ਅਤੇ ਹੁਣ ਤਕ ਉਨ੍ਹਾਂ ਨੇ ਖੁਦ ਨੂੰ ਆਪਣੀ ਮਾਂ ਸੋਨੀਆ ਗਾਂਧੀ ਦੇ ਲੋਕ ਸਭਾ ਖੇਤਰ ਰਾਏ ਬਰੇਲੀ ਅਤੇ ਭਰਾ ਰਾਹੁਲ ਗਾਂਧੀ ਦੇ ਲੋਕ ਸਭਾ ਹਲਕੇ ਅਮੇਠੀ ਤਕ ਹੀ ਸੀਮਤ ਰੱਖਿਆ ਸੀ ਪਰ ਹੁਣ ਦੇਸ਼ ਦੀ ਸਿਆਸਤ 'ਚ ਕਾਂਗਰਸ ਜਨਰਲ ਸਕੱਤਰ ਦੇ ਤੌਰ 'ਤੇ ਪ੍ਰਿਯੰਕਾ ਦਾ ਰਾਹ ਆਸਾਨ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਪ੍ਰਧਾਨ ਮੰਤਰੀ ਦਾ ਸੰਸਦੀ ਹਲਕਾ ਵਾਰਾਣਸੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦਾ ਗ੍ਰਹਿ ਖੇਤਰ ਗੋਰਖਪੁਰ ਪੂਰਬੀ ਯੂ. ਪੀ. ਦਾ ਹਿੱਸਾ ਹਨ। ਇਸ ਲਿਹਾਜ ਨਾਲ ਪੂਰਬੀ ਯੂ. ਪੀ. ਭਾਜਪਾ ਦਾ ਉਹ ਮਜਬੂਤ ਗੜ੍ਹ ਹੈ ਜਿਸ 'ਚ ਸੰਨ੍ਹ ਲਾਉਣ ਲਈ ਕਾਂਗਰਸ ਨੂੰ ਬੜਾ ਜ਼ੋਰ ਲਾਉਣਾ ਪਵੇਗਾ। 
ਇੱਥੇ ਇਕ ਗੱਲ ਇਹ ਵੀ ਹੈ ਕਿ ਗੋਰਖਪੁਰ ਦੀ ਸੀਟ ਸਮਾਜਵਾਦੀ ਪਾਰਟੀ ਕੋਲ ਹੈ। ਮਈ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਮਾਜਵਾਦੀ ਪਾਰਟੀ (ਸਪਾ) ਤੇ ਬਸਪਾ ਇਕੱਠੇ ਮਿਲ ਕੇ 38-38 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਇਹ ਦੋਵੇਂ ਦਲ ਯੂ. ਪੀ. ਦੀ ਰਾਜਨੀਤੀ 'ਚ ਕਦੇ ਇਕ-ਦੂਜੇ ਦੇ ਕੱਟੜ ਵਿਰੋਧੀ ਰਹੇ ਹਨ। ਖਾਸ ਗੱਲ ਇਹ ਹੈ ਕਿ ਸਪਾ-ਬਸਪਾ ਗਠਜੋੜ ਗਾਂਧੀ ਪਰਿਵਾਰ ਖਿਲਾਫ ਯਾਨੀ ਰਾਏ ਬਰੇਲੀ ਤੇ ਅਮੇਠੀ 'ਚ ਕੋਈ ਉਮੀਦਵਾਰ ਨਹੀਂ ਉਤਾਰੇਗਾ। ਉੱਥੇ ਹੀ ਸਪਾ-ਬਸਪਾ ਨੇ ਦੋ ਸੀਟਾਂ ਹੋਰ ਦਲ ਲਈ ਛੱਡੀਆਂ ਹਨ।