ਪ੍ਰਿਯੰਕਾ ਗਾਂਧੀ ਨੇ ''ਅਗਨੀਪੱਥ'' ਯੋਜਨਾ ਨੂੰ ਸਰਕਾਰ ਦੀ ਮਨਮਾਨੀ ਕਰਾਰ ਦਿੱਤਾ

06/15/2022 5:17:50 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਥਲ ਸੈਨਾ, ਜਲ ਸੈਨਾ ਅਤੇ ਹਵਾਈ ਫ਼ੌਜ 'ਚ ਫ਼ੌਜੀਆਂ ਦੀ ਭਰਤੀ ਲਈ ਕੇਂਦਰ ਸਰਕਾਰ ਵਲੋਂ ਇਕ ਨਵੀਂ 'ਅਗਨੀਪੱਥ ਯੋਜਨਾ' ਸ਼ੁਰੂ ਕੀਤੇ ਜਾਣ ਨੂੰ ਲੈ ਕੇ ਬੁੱਧਵਾਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਪ੍ਰਿਯੰਕਾ ਨੇ ਦੋਸ਼ ਲਗਾਇਆ ਕਿ ਇਸ ਸੰਵੇਦਨਸ਼ੀਲ ਵਿਸ਼ੇ 'ਤੇ ਕੋਈ ਚਰਚਾ ਨਹੀਂ ਹੋਈ, ਬਸ ਮਨਮਾਨੀ ਕੀਤੀ ਗਈ ਹੈ। ਉਨ੍ਹਾਂ ਨੇ ਟਵੀਟ ਕੀਤਾ,''ਭਾਜਪਾ ਸਰਕਾਰ ਫ਼ੌਜ ਭਰਤੀ ਨੂੰ ਆਪਣੀ ਪ੍ਰਯੋਗਸ਼ਾਲਾ ਕਿਉਂ ਬਣਾ ਰਹੀ ਹੈ? ਫ਼ੌਜੀਆਂ ਦੀ ਲੰਬੀ ਨੌਕਰੀ ਸਰਕਾਰ ਨੂੰ ਬੋਝ ਲੱਗ ਰਹੀ ਹੈ? ਨੌਜਵਾਨ ਕਹਿ ਰਹੇ ਹਨ ਕਿ ਇਹ 4 ਸਾਲਾ ਨਿਯਮ ਧੋਖਾ ਹੈ। ਸਾਡੇ ਸਾਬਕਾ ਫ਼ੌਜੀ ਵੀ ਇਸ ਨਾਲ ਅਸਹਿਮਤ ਹਨ।''

ਪ੍ਰਿਯੰਕਾ ਨੇ ਕਿਹਾ,''ਫ਼ੌਜ ਭਰਤੀ ਨਾਲ ਜੁੜੇ ਸੰਵੇਦਨਸ਼ੀਲ ਮਸਲੇ 'ਤੇ ਨਾ ਕੋਈ ਚਰਚਾ, ਨਾ ਕੋਈ ਗੰਭੀਰ ਸੋਚ-ਵਿਚਾਰ। ਬਸ ਮਨਮਾਨੀ?'' ਸਰਕਾਰ ਨੇ ਦਹਾਕਿਆਂ ਪੁਰਾਣੀ ਰੱਖਿਆ ਭਰਤੀ ਪ੍ਰਕਿਰਿਆ 'ਚ ਪਰਿਵਰਤਨ ਕਰਦੇ ਹੋਏ ਥਲ ਸੈਨਾ, ਜਲ ਸੈਨਾ ਅਤੇ ਹਵਾਈ ਫ਼ੌਜ 'ਚ ਫ਼ੌਜੀਆਂ ਦੀ ਭਰਤੀ ਸੰਬੰਧੀ 'ਅਗਨੀਪੱਥ' ਯੋਜਨਾ ਦਾ ਮੰਗਲਵਾਰ ਨੂੰ ਐਲਾਨ ਕੀਤਾ ਸੀ, ਜਿਸ ਦੇ ਅਧੀਨ ਫ਼ੌਜੀਆਂ ਦੀ ਭਰਤੀ 4 ਸਾਲ ਦੀ ਲਘੁ ਮਿਆਦ ਲਈ ਸੰਵਿਦਾ ਆਧਾਰ 'ਤੇ ਕੀਤੀ ਜਾਵੇਗੀ। ਯੋਜਨਾ ਦੇ ਅਧੀਨ ਤਿੰਨੋਂ ਸੈਨਾਵਾਂ 'ਚ ਇਸ ਸਾਲ ਕਰੀਬ 46 ਹਜ਼ਾਰ ਫ਼ੌਜੀ ਭਰਤੀ ਕੀਤੇ ਜਾਣਗੇ। ਚੋਣ ਲਈ ਯੋਗ ਉਮਰ ਸਾਢੇ 17 ਸਾਲ ਤੋਂ 21 ਸਾਲ ਦਰਮਿਆਨ ਹੋਵੇਗੀ ਅਤੇ ਇਨ੍ਹਾਂ ਨੂੰ 'ਅਗਨੀਵੀਰ' ਨਾਮ ਦਿੱਤਾ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha