ਉੱਤਰ ਪ੍ਰਦੇਸ਼ ਦਾ ਸਿਆਸੀ ਮਾਹੌਲ ਬਦਲ ਸਕਦੀ ਹੈ ਪ੍ਰਿਯੰਕਾ ਗਾਂਧੀ

01/23/2019 6:16:20 PM

ਲਖਨਊ (ਭਾਸ਼ਾ)— ਲੰਬੀ ਉਡੀਕ ਮਗਰੋਂ ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਖਰਕਾਰ ਸਿਆਸਤ ਵਿਚ ਕਦਮ ਰੱਖ ਹੀ ਲਿਆ ਹੈ। ਸਿਆਸੀ ਗੁਣਾ-ਭਾਗ ਦੇ ਲਿਹਾਜ਼ ਨਾਲ ਪ੍ਰਿਯੰਕਾ ਨੇ ਸਭ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ਵਿਚ ਅਹਿਮ ਜ਼ਿੰਮੇਵਾਰੀ ਸਵੀਕਾਰ ਕਰ ਲਈ ਹੈ। ਪ੍ਰਿਯੰਕਾ ਨੂੰ ਕਾਂਗਰਸ ਵਿਚ ਅਹਿਮ ਅਹੁਦੇ ਦਿੱਤੇ ਜਾਣ ਦੀ ਪੁਰਜ਼ੋਰ ਮੰਗ ਦੇ ਬਾਵਜੂਦ ਉਨ੍ਹਾਂ ਨੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤਕ ਖੁਦ ਨੂੰ ਅਮੇਠੀ ਅਤੇ ਰਾਏਬਰੇਲੀ ਵਿਚ ਚੋਣ ਪ੍ਰਚਾਰ ਤਕ ਹੀ ਸੀਮਤ ਰੱਖਿਆ। ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਗਠਜੋੜ ਹੋਣ ਅਤੇ ਉਸ ਵਿਚ ਕਾਂਗਰਸ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਬਾਅਦ ਉੱਭਰੇ ਸਮੀਕਰਨਾਂ ਵਿਚ ਪ੍ਰਿਯੰਕਾ ਨੂੰ ਰਾਹੁਲ ਗਾਂਧੀ ਵਲੋਂ ਅਚਾਨਕ ਪੂਰਬੀ ਉੱਤਰ ਪ੍ਰਦੇਸ਼ ਦਾ ਜਨਰਲ ਸਕੱਤਰ ਬਣਾਉਣਾ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਸੀਨੀਅ ਪੱਤਰਕਾਰ ਅਤੇ ਸਿਆਸਤ ਮਾਹਰ ਪਰਵੇਜ਼ ਅਹਿਮਦ ਦਾ ਮੰਨਣਾ ਹੈ ਕਿ ਪ੍ਰਿਯੰਕਾ ਨੂੰ ਸਿਆਸਤ ਵਿਚ ਲਿਆ ਕੇ ਉਨ੍ਹਾਂ ਨੂੰ ਪੂਰਬੀ ਉੱਤਰ ਪ੍ਰਦੇਸ਼ ਦਾ ਜਨਰਲ ਸਕੱਤਰ ਬਣਾਉਣਾ ਕਾਂਗਰਸ ਦਾ ਵੱਡਾ ਕਦਮ ਹੈ। ਉੱਤਰ ਪ੍ਰਦੇਸ਼ ਵਿਚ ਇਹ ਦਾਅ ਕੰਮ ਕਰ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਿਯੰਕਾ ਦਾ ਹੁਣ ਤਕ ਦਾ ਕੰਮ ਕਰਨ ਦਾ ਤਰੀਕਾ ਇਹ ਦੱਸਦਾ ਰਿਹਾ ਹੈ ਕਿ ਉਹ ਵਰਕਰਾਂ ਨੂੰ ਪਹਿਲ ਦਿੰਦੀ ਹੈ। ਪ੍ਰਿਯੰਕਾ ਦੀ ਘੱਟ ਗਿਣਤੀ ਦੇ ਲੋਕਾਂ ਵਿਚ ਜੋ ਅਕਸ ਹੈ, ਉਹ ਉਨ੍ਹਾਂ ਨੂੰ ਕਾਂਗਰਸ ਵੱਲ ਲੈ ਕੇ ਜਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਿਆਸੀ ਮੈਦਾਨ ਵਿਚ ਉਹ ਕੋਈ ਕਰਿਸ਼ਮਾ ਕਰ ਕੇ ਦਿਖਾਉਂਦੀ ਹੈ ਜਾਂ ਨਹੀਂ। ਹਾਲਾਂਕਿ ਪੂਰਬੀ ਉੱਤਰ ਪ੍ਰਦੇਸ਼ ਦੇ ਮੁਖੀ ਦੇ ਤੌਰ 'ਤੇ ਪ੍ਰਿਯੰਕਾ ਲਈ ਚੁਣੌਤੀਆਂ ਘੱਟ ਨਹੀਂ ਹੋਣਗੀਆਂ। 

ਪ੍ਰਿਯੰਕਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੇ ਸੰਗਠਨ ਵਿਚ ਨਵੀਂ ਜਾਨ ਫੂਕਣ ਦੀ ਹੋਵੇਗੀ। ਪ੍ਰਿਯੰਕਾ ਨੂੰ ਖੁਦ ਨੂੰ ਅਜੇ ਸਾਬਤ ਕਰਨਾ ਬਾਕੀ ਹੈ। ਪ੍ਰਿਯੰਕਾ ਤੋਂ ਉਮੀਦਾਂ ਜ਼ਿਆਦਾ ਹਨ, ਲਿਹਾਜ਼ਾ ਉਨ੍ਹਾਂ ਦੇ ਆਉਣ ਨਾਲ ਉਮੀਦ ਜ਼ਰੂਰ ਜਾਗੀ ਹੈ। ਖੁਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਪ੍ਰਿਯੰਕਾ ਦੇ ਆਉਣ ਨਾਲ ਉੱਤਰ ਪ੍ਰਦੇਸ਼ ਵਿਚ ਇਕ ਨਵੇਂ ਤਰੀਕੇ ਦੀ ਸੋਚ ਆਵੇਗੀ ਅਤੇ ਸਿਆਸਤ ਵਿਚ ਸਕਾਰਾਤਮਕ ਬਦਲਾਵ ਆਵੇਗਾ। 

Tanu

This news is Content Editor Tanu