ਦਿੱਲੀ ਦੀ ਜੇਲ੍ਹ 'ਚ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਕੈਦੀ ਦੀ ਕੋਰੋਨਾ ਨਾਲ ਮੌਤ

06/21/2020 8:15:23 PM

ਨਵੀਂ ਦਿੱਲੀ : ਦਿੱਲੀ ਦੀ ਮੰਡੋਲੀ ਜੇਲ੍ਹ 'ਚ 62 ਸਾਲਾ ਇਕ ਕੈਦੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ, ਜੋ ਰਾਸ਼ਟਰੀ ਰਾਜਧਾਨੀ ਦੀ ਜੇਲ੍ਹ 'ਚ ਇਸ ਮਹਾਮਾਰੀ ਕਾਰਨ ਪਹਿਲੀ ਮੌਤ ਹੈ। ਅਧਿਕਾਰੀਆਂ ਨੇ ਬੈਰਕ 'ਚ ਇਸ ਵਿਅਕਤੀ ਨਾਲ ਰਹਿ ਰਹੇ 28 ਹੋਰ ਕੈਦੀਆਂ ਦੀ ਜਾਂਚ ਕਰਾਉਣ ਦਾ ਫੈਸਲਾ ਕੀਤਾ ਹੈ। 

ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਕੰਵਰ ਸਿੰਘ (62) ਦੀ 15 ਜੂਨ ਨੂੰ ਮੌਤ ਹੋ ਗਈ ਸੀ ਅਤੇ ਸ਼ਨੀਵਾਰ ਨੂੰ ਉਸ ਦੀ ਕੋਵਿਡ-19 ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ। ਅਧਿਕਾਰੀਆਂ ਮੁਤਾਬਕ ਸਿੰਘ 2016 ਦੇ ਕਤਲ ਦੇ ਇਕ ਮਾਮਲੇ 'ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਸੀ। ਉਹ ਮੰਡੋਲੀ ਦੀ ਕੇਂਦਰੀ ਜੇਲ 'ਚ ਸੀ ਅਤੇ ਉਸ 'ਚ ਬੀਮਾਰੀ ਦੇ ਲੱਛਣ ਨਹੀਂ ਦਿਖਾਈ ਦਿੱਤੇ ਸਨ।

ਅਧਿਕਾਰੀਆਂ ਮੁਤਾਬਕ 15 ਜੂਨ ਨੂੰ ਉਸ ਦੇ ਬੈਰਕ ਦੇ ਕੁਝ ਲੋਕਾਂ ਨੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਰੀਰ 'ਚ ਕੋਈ ਹਰਕਤ ਨਜ਼ਰ ਨਾ ਆਈ। ਉਸ ਨੂੰ ਡਾਕਟਰ ਕੋਲ ਲੈ ਜਾਇਆ ਗਿਆ, ਜਿਸ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸ਼ਨੀਵਾਰ ਨੂੰ ਪਤਾ ਲੱਗਾ ਕਿ ਉਹ ਕੋਰੋਨਾ ਪਾਜ਼ੀਟਿਵ ਸੀ। ਉਹ ਕੋਰੋਨਾ ਦੇ ਸੰਪਰਕ 'ਚ ਕਿਵੇਂ ਆਇਆ ਇਹ ਅਜੇ ਪਤਾ ਨਹੀਂ ਲੱਗਾ। ਜਿਸ ਬੈਰਕ 'ਚ ਉਹ ਰਹਿੰਦਾ ਸੀ, ਉਸ ਦੇ 28 ਮੈਂਬਰਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਦਿੱਲੀ 'ਚ ਤਿਹਾੜ, ਰੋਹਿਣੀ ਅਤੇ ਮੰਡੋਲੀ 'ਚ ਜੇਲ੍ਹਾਂ ਹਨ। ਹੁਣ ਤੱਕ ਇਨ੍ਹਾਂ 'ਚ ਬੰਦ 23 ਕੈਦੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ 'ਚੋਂ 16 ਸਿਹਤਯਾਬ ਹੋ ਗਏ ਹਨ ਤੇ ਇਕ ਦੀ ਮੌਤ ਹੋ ਚੁੱਕੀ ਹੈ। 

Sanjeev

This news is Content Editor Sanjeev