ਪ੍ਰਧਾਨ ਮੰਤਰੀ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਸਖਤ ਕਾਰਵਾਈ ਕਰਨ : ਸੁਖਬੀਰ

02/18/2019 3:41:25 AM

ਸਿਰਸਾ, (ਲਲਿਤ)- 'ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਦਾ ਮੂੰਹ-ਤੋੜ ਜਵਾਬ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਸਾਡੀ ਬੇਨਤੀ ਹੈ ਕਿ ਅੱਤਵਾਦੀਆਂ ਨੂੰ ਸਬਕ ਸਿਖਾਉਣ ਵਾਸਤੇ  ਸਖਤ ਐਕਸ਼ਨ ਲਿਆ ਜਾਵੇ। ਪਾਕਿਸਤਾਨ ਜੋ ਕਿ ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ, ਉਸ Îਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਨ੍ਹਾਂ  ਵਿਚਾਰਾਂ  ਦਾ  ਪ੍ਰਗਟਾਵਾ   ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਇਥੋਂ  ਦੀ ਅਨਾਜ ਮੰਡੀ 'ਚ ਪਾਰਟੀ ਦੀ ਜਨ ਚੇਤਨਾ ਰੈਲੀ 'ਚ ਸੰਬੋਧਨ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ 20-25 ਸਾਲ ਪਹਿਲਾਂ ਪਾਕਿਸਤਾਨ ਨੇ ਹਰਿਆਣਾ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲੇ ਪੰਜਾਬ  ਤੇ ਹਰਿਆਣਾ ਦੇ ਲੋਕਾਂ ਨੇ ਮਿਲ ਕੇ ਲੜਾਈ ਲੜੀ ਸੀ। ਉਸ ਦਾ ਨਤੀਜਾ ਹੈ ਕਿ ਅੱਜ ਹਰਿਆਣਾ ਤੇ ਪੰਜਾਬ ਦਾ ਮਾਹੌਲ ਸ਼ਾਂਤ ਹੈ। ਉਨ੍ਹਾਂ ਕਿਹਾ ਕਿ ਹਰਿਆਣਾ  ਤੇ ਪੰਜਾਬ ਦਾ ਰਿਸ਼ਤਾ ਭਰਾ-ਭਰਾ ਦਾ ਹੈ। ਸਿਰਸਾ ਜ਼ਿਲਾ  ਤਾਂ ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬ 'ਚ ਹੀ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਾਡੀ ਪੰਜਾਬੀ ਕੌਮ ਦੀ ਦੁਸ਼ਮਣ ਹੈ। ਕਾਂਗਰਸ ਪਾਰਟੀ ਨੇ ਗੁਰੂ ਘਰਾਂ  'ਤੇ ਹਮਲਾ ਕੀਤਾ ਤੇ ਹਜ਼ਾਰਾਂ ਭੈਣਾਂ-ਭਰਾਵਾਂ ਦਾ ਕਤਲ ਕਰਵਾਇਆ। ਕਾਂਗਰਸ ਦੀ ਸੋਚ ਮਾੜੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪ੍ਰਧਾਨ ਮੰਤਰੀ  'ਤੇ ਜ਼ੋਰ ਪਾਇਆ ਸੀ ਕਿ ਸਿੱਖ ਕੌਮ ਨੂੰ ਇਨਸਾਫ ਚਾਹੀਦਾ ਹੈ, ਫਿਰ ਸਰਕਾਰ ਨੇ ਐੱਸ. ਆਈ. ਟੀ. ਬਣਾਈ ਸੀ। ਕਾਂਗਰਸੀ ਲੀਡਰ ਸੱਜਣ ਕੁਮਾਰ ਦੇ ਜੇਲ ਜਾਣ 'ਤੇ 34 ਸਾਲ ਬਾਅਦ ਸਾਨੂੰ ਇਨਸਾਫ ਮਿਲਿਆ ਹੈ। 
ਸੁਖਬੀਰ ਨੇ ਕਿਹਾ ਕਿ ਹਰਿਆਣਾ 'ਚ 35 ਸੀਟਾਂ ਅਜਿਹੀਆਂ ਹਨ, ਜਿਨ੍ਹਾਂ  'ਤੇ ਪੰਜਾਬੀਆਂ ਦਾ ਹੀ ਪ੍ਰਭਾਵ ਹੈ। ਹਰਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਵਾਜ਼ ਬਣੇਗਾ। ਤੁਸੀਂ ਪੰਜਾਬ ਦਾ ਵਿਕਾਸ ਦੇਖ ਲਓ। ਹਰਿਆਣਾ 'ਚ ਤੁਸੀਂ ਅਕਾਲੀ ਦਲ ਦੇ ਐੱਮ. ਐੱਲ. ੲੇ. ਬਣਾ ਦਿਓ, ਪੰਜਾਬ ਦੀ ਤਰ੍ਹਾਂ ਹਰਿਆਣਾ ਦੇ ਕਿਸਾਨਾਂ ਨੂੰ ਮੁਫਤ ਬਿਜਲੀ  ਦਿੱਤੀ ਜਾਵੇਗੀ। ਐੱਸ. ਵਾਈ. ਐੱਲ. ਨਹਿਰ ਦੇ ਬਾਰੇ ਬੋਲਣ ਤੋਂ ਸਾਫ ਇਨਕਾਰ ਕਰਦੇ ਹੋਏ ਸੁਖਬੀਰ  ਨੇ ਕਿਹਾ ਕਿ ਇਹ ਵੱਖਰਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ 'ਚ ਅਕਾਲੀ ਦਲ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰ ਸਕਦਾ ਹੈ ਪਰ ਗੱਠਜੋੜ ਉਨ੍ਹਾਂ ਨਾਲ ਹੀ ਕਰਾਂਗੇ ਜਿਨ੍ਹਾਂ ਨਾਲ ਸਾਡੀ ਵਿਚਾਰਧਾਰਾ ਮਿਲਦੀ ਹੈ। ਰੈਲੀ 'ਚ ਪਾਰਟੀ ਦੇ ਲੀਡਰ ਵੀਰਭਾਨ ਮਹਿਤਾ ਨੇ ਸੁਖਬੀਰ ਬਾਦਲ ਨੂੰ ਸਿਰੋਪਾਓ ਤੇ ਤਲਵਾਰ ਭੇਟ ਕੀਤੀ। ਇਸ ਮੌਕੇ ਪਾਰਟੀ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਪਾਰਟੀ ਪ੍ਰਧਾਨ ਸ਼ਰਨਜੀਤ ਸਿੰਘ, ਸਬਕਾ ਮੰਤਰੀ ਸਿੰਕਦਰ ਸਿੰਘ ਮਲੂਕਾ, ਦਿੱਲੀ ਦੇ ਵਿਧਾਇਕ ਮਨਿੰਜਰ ਸਿੰਘ, ਬਲਕੌਰ ਸਿੰਘ, ਲਖਵਿੰਦਰ ਸਿੰਘ, ਰਾਜਨ ਮਹਿਤਾ ਆਦਿ ਮੌਜੂਦ ਸਨ।

Bharat Thapa

This news is Content Editor Bharat Thapa