ਰਾਸ਼ਟਰਪਤੀ ਭਵਨ ਵਿਚ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਗਾਰਡ ਆਫ ਆਨਰ

01/16/2018 10:48:29 AM

ਨਵੀਂ ਦਿੱਲੀ — ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ ਅੱਜ ਰਾਸ਼ਟਰਪਤੀ ਭਵਨ 'ਚ ਰਸਮੀ ਤੌਰ 'ਤੇ ਸਵਾਗਤ ਕੀਤਾ ਗਿਆ। ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੂੰ ਗਾਰਡ ਆਫ ਆਨਰ ਦਾ ਸਨਮਾਨ ਦਿੱਤਾ ਗਿਆ। ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਦਾ ਅੱਜ ਭਾਰਤ 'ਚ ਦੂਸਰਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਇਕ ਵਾਰ ਫਿਰ ਉਨ੍ਹਾਂ ਨੂੰ ਗਲੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਕਈ ਸੀਨੀਅਰ ਆਗੂ ਮੌਜੂਦ ਸਨ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੇਤਨਯਾਹੂ ਨੇ ਭਾਰਤ-ਇਜ਼ਰਾਇਲ ਸੰਬੰਧਾਂ ਨੂੰ 'ਸਵਰਗ 'ਚ ਬਣੀ ਜੋੜੀ' ਵਰਗਾ ਕਰਾਰ ਦਿੰਦੇ ਹੋਏ ਕਿਹਾ ਕਿ ਸੰਯੁਕਤ ਰਾਸ਼ਟਰ 'ਚ ਯਰੂਸ਼ਲਮ ਮੁੱਦੇ 'ਤੇ ਭਾਰਤ ਵਲੋਂ ਇਜ਼ਰਾਈਲ ਦੇ ਖਿਲਾਫ ਵੋਟ ਕੀਤੇ ਜਾਣ 'ਤੇ ਉਨ੍ਹਾਂ ਦੇ ਦੇਸ਼ ਨੂੰ ਨਿਰਾਸ਼ਾ ਹੋਈ ਪਰ ਇਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ 'ਚ ਕੋਈ ਫਰਕ ਨਹੀਂ ਪਵੇਗਾ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਭਾਰਤ ਦੌਰੇ ਨਾਲ ਤਕਨਾਲੋਜੀ, ਖੇਤੀ ਅਤੇ ਵਿਸ਼ਵ 'ਚ ਤਬਦੀਲੀ ਲਿਆ ਰਹੇ ਹੋਰ ਖੇਤਰਾਂ 'ਚ ਦੋਵਾਂ ਦੇਸ਼ਾਂ ਦੇ ਸੰਬੰਧ ਮਜ਼ਬੂਤ ਹੋਣਗੇ। ਉਨ੍ਹਾਂ ਨੇ ਕਿਹਾ ਕਿ, 'ਹਾਂ' ਕੁਦਰਤੀ ਤੌਰ 'ਤੇ ਅਸੀਂ ਨਾਰਾਜ਼ ਹੋਏ, ਪਰ ਇਹ ਯਾਤਰਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਰਿਸ਼ਤੇ ਬਹੁਤ ਸਾਰੇ ਮੋਰਚਿਆਂ 'ਚ ਅੱਗੇ ਵਧ ਰਹੇ ਹਨ।

ਇਜ਼ਰਾਈਲ ਦੇ ਰਾਸ਼ਟਰਪਤੀ ਨੇ ਕਿਹਾ ਕਿ, ਮੈਨੂੰ ਨਹੀਂ ਲਗਦਾ ਕਿ ਇਕ ਵੋਟ ਕਿਸੇ ਰਿਸ਼ਤੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤੁਸੀਂ ਕਈ ਹੋਰ ਚੋਣਾਂ ਅਤੇ ਮੁਲਾਕਾਤਾਂ ਨੂੰ ਦੇਖ ਸਕਦੇ ਹੋ। ਪਿਛਲੇ ਮਹੀਨੇ ਭਾਰਤ ਉਨ੍ਹਾਂ 127 ਦੇਸ਼ਾਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ 'ਚ ਮਾਨਤਾ ਦੇਣ ਦੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਫੈਸਲੇ ਦੇ ਖਿਲਾਫ ਸੰਯੁਕਤ ਰਾਸ਼ਟਰ ਮਹਾ ਸਭਾ 'ਚ ਆਏ ਪ੍ਰਸਤਾਵ ਦੇ ਪੱਖ 'ਚ ਵੋਟ ਕੀਤਾ ਸੀ। ਨੇਤਨਯਾਹੂ ਨੇ ਕਿਹਾ, 'ਸਭ ਤੋਂ ਪਹਿਲਾਂ ਦੋਵਾਂ ਦੇਸ਼ਾਂ, ਉਨ੍ਹਾਂ ਦੇ ਲੋਕਾਂ ਅਤੇ ਨੇਤਾਵਾਂ ਦੇ ਵਿਚਕਾਰ ਸੰਬੰਧ ਵਿਸ਼ੇਸ ਹਨ। ਭਾਰਤ ਅਤੇ ਇਜ਼ਰਾਈਲ ਦੀ ਸਾਂਝੇਦਾਰੀ ਸਵਰਗ 'ਚ ਬਣੀ ਜੋੜੀ ਦੀ ਤਰ੍ਹਾਂ ਹੈ ਜੋ ਧਰਤੀ 'ਤੇ ਆ ਕੇ ਸਾਕਾਰ ਹੋਈ ਹੈ।' ਨਰਿੰਦਰ ਮੋਦੀ ਨੂੰ 'ਮਹਾਨ ਨੇਤਾ' ਦੱਸਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਪ੍ਰਤੀਨਿਧੀ 'ਆਪਣੇ ਲੋਕਾਂ ਦੇ ਭਵਿੱਖ ਲਈ ਉਤਸੁਕ ਹਨ।' ਦੂਸਰੇ ਪਾਸੇ ਦੋਵਾਂ ਨੇਤਾਵਾਂ ਦੇ ਵਿਚਕਾਰ ਵੱਖ-ਵੱਖ ਮੁੱਦਿਆ 'ਤੇ ਗੱਲਬਾਤ ਹੋਵੇਗੀ।