ਤਣਾਅ ਦਰਮਿਆਨ ਪੀ.ਐੱਮ. ਮੋਦੀ ਦਾ ਦੇਸ਼ ਨੂੰ ਵੱਡਾ ਸੰਦੇਸ਼

02/28/2019 1:38:14 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮੇਰਾ ਬੂਥ, ਸਭ ਸੇ ਮਜ਼ਬੂਤ' ਪ੍ਰੋਗਰਾਮ ਦੇ ਅਧੀਨ ਵੀਰਵਾਰ ਨੂੰ 'ਨਮੋ ਐਪ' 'ਤੇ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ, ਸੋਇਮ ਸੇਵੀਆਂ ਅਤੇ ਨਾਗਰਿਕਾਂ ਸਮੇਤ ਕਰੀਬ ਇਕ ਕਰੋੜ ਲੋਕਾਂ ਨਾਲ ਗੱਲਬਾਤ ਕੀਤੀ। ਭਾਰਤ-ਪਾਕਿਸਤਾਨ ਸਰਹੱਦ 'ਤੇ ਵਧਦੇ ਤਣਾਅ ਅਤੇ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਵੱਡਾ ਸੰਦੇਸ਼ ਦਿੰਦੇ ਹੋਏ ਇਕਜੁਟ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਭਾਵਨਾਵਾਂ ਇਕ ਵੱਖ ਪੱਧਰ 'ਤੇ ਹਨ। ਦੇਸ਼ ਦਾ ਵੀਰ ਜਵਾਨ ਸਰਹੱਦ 'ਤੇ ਅਤੇ ਸਰਹੱਦ ਦੇ ਪਾਰ ਵੀ ਆਪਣਾ ਕਰਤੱਵ ਦਿਖਾ ਰਹੇ ਹਨ। ਪੂਰਾ ਦੇਸ਼ ਅੱਜ ਇਕ ਹੈ ਅਤੇ ਸਾਡੇ ਜਵਾਨਾਂ ਨਾਲ ਖੜ੍ਹਾ ਹੈ। ਵੀਡੀਓ ਕਾਨਫਰੈਂਸਿੰਗ ਰਾਹੀਂ ਪੀ.ਐੱਮ. ਨੇ ਕਿਹਾ,''ਦੁਨੀਆ ਸਾਡੇ ਕਲੈਕਟਿਵ ਵਿਲ ਨੂੰ ਦੇਖ ਰਹੀ ਹੈ। ਸਾਡੀਆਂ ਫੌਜਾਂ ਦੀ ਤਾਕਤ 'ਤੇ ਸਾਨੂੰ ਭਰੋਸਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਕੁਝ ਵੀ ਅਜਿਹਾ ਨਾ ਹੋਵੇ, ਜਿਸ ਨਾਲ ਉਨ੍ਹਾਂ ਦਾ ਮਨੋਬਲ ਘੱਟ ਹੋਵੇ ਜਾਂ ਸਾਡੇ ਦੁਸ਼ਮਣਾਂ ਨੂੰ ਸਾਡੇ 'ਤੇ ਉਂਗਲੀ ਚੁੱਕਣ ਦਾ ਮੌਕਾ ਮਿਲ ਜਾਵੇ।''
 

ਵੀਰ ਬੇਟੇ ਅਤੇ ਵੀਰ ਬੇਟੀ ਦੇ ਪ੍ਰਤੀ ਅਸੀਂ ਧੰਨਵਾਦੀ ਹਾਂ
ਨਰਿੰਦਰ ਮੋਦੀ ਨੇ ਕਿਹਾ,''ਅੱਤਵਾਦੀ ਹਮਲੇ ਦੇ ਨਾਲ-ਨਾਲ ਦੁਸ਼ਮਣਾਂ ਦਾ ਮਕਸਦ ਹੁੰਦਾ ਹੈ ਕਿ ਸਾਡੀ ਤਰੱਕੀ ਰੁਕ ਜਾਵੇ, ਗਤੀ ਰੁਕ ਜਾਵੇ, ਦੇਸ਼ ਰੁਕ ਜਾਵੇ ਅਤੇ ਉਨ੍ਹਾਂ ਦੇ ਇਸ ਮਕਸਦ ਦੇ ਸਾਹਮਣੇ ਹਰ ਭਾਰਤੀ ਨੂੰ ਦੀਵਾਰ ਅਤੇ ਚੱਟਾਨ ਬਣ ਕੇ ਖੜ੍ਹਾ ਹੋਣਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤੀ ਹਵਾਈ ਫੌਜ ਵਲੋਂ ਪਾਕਿਸਤਾਨ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੇ ਭਾਰਤੀ ਹਵਾਈ ਸਰਹੱਦ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਲੜਾਂਗੇ, ਕੰਮ ਕਰਾਂਗੇ ਅਤੇ ਜਿੱਤਾਂਗੇ ਅਤੇ ਕੋਈ ਵੀ ਵਿਕਾਸ ਦੇ ਸਾਡੇ ਕੰਮ 'ਚ ਰੁਕਾਵਟ ਨਹੀਂ ਪਾ ਸਕਦਾ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਅੱਜ ਇਕ ਹੈ ਅਤੇ ਸਾਡੇ ਜਵਾਨਾਂ ਨਾਲ ਖੜ੍ਹਾ ਹੈ। ਦੁਨੀਆ ਸਾਡੀ ਸਮੂਹਕ ਇੱਛਾ ਸ਼ਕਤੀ ਨੂੰ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਨਵੀਂ ਨੀਤੀ ਅਤੇ ਨਵੀਂ ਰੀਤੀ ਨਾਲ ਆਪਣੀਆਂ ਸ਼ਕਤੀਆਂ ਦਾ ਵਿਸਥਾਰ ਕਰਨ 'ਚ ਜੁਟਿਆ ਹੋਇਆ ਹੈ। ਭਾਰਤ ਦਾ ਨੌਜਵਾਨ ਅੱਜ ਉਤਸ਼ਾਹ ਨਾਲ ਭਰਿਆ ਹੈ, ਦੇਸ਼ ਦੇ ਕਿਸਾਨ ਤੋਂ ਲੈ ਕੇ ਦੇਸ਼ ਦੇ ਜਵਾਨ ਤੱਕ ਸਾਰਿਆਂ ਨੂੰ ਇਹ ਵਿਸ਼ਵਾਸ ਮਿਲਿਆ ਹੈ ਕਿ ਨਾਮੁਮਕਿਨ ਹੁਣ ਮੁਮਕਿਨ ਹੈ। ਮੋਦੀ ਨੇ ਕਿਹਾ ਕਿ ਦੇਸ਼ ਦੇ ਅੰਦਰ ਅਤੇ ਦੇਸ਼ ਦੀ ਸਰਹੱਦ 'ਤੇ ਦਿਨ-ਰਾਤ ਇਕ ਕਰ ਰਹੇ, ਇਕ-ਇਕ ਵੀਰ ਬੇਟੇ ਅਤੇ ਵੀਰ ਬੇਟੀ ਦੇ ਪ੍ਰਤੀ ਅਸੀਂ ਧੰਨਵਾਦੀ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਜਵਾਨਾਂ 'ਤੇ ਮਾਣ ਹੈ।
 

ਵਰਕਰਾਂ ਨੂੰ ਵਧ ਮਿਹਨਤ ਕਰਨ ਦੀ ਸਲਾਹ
ਪੀ.ਐੱਮ. ਨੇ ਵਰਕਰਾਂ ਨੂੰ ਬੂਥ ਪੱਧਰ 'ਤੇ ਵਧ ਮਿਹਨਤ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ,''ਤੁਹਾਨੂੰ ਮਾਣ ਹੋਵੇਗਾ ਕਿ ਕਿਵੇਂ ਆਪਣੀ ਸਰਕਾਰ ਲੋਕਾਂ ਦੇ ਜੀਵਨ 'ਚ ਤਬਦੀਲੀ ਲਿਆ ਰਹੀ ਹੈ। ਤੁਹਾਡੇ ਕੰਮ ਕਰਨ ਦੀ ਪ੍ਰੇਰਨਾ ਨਾਲ ਸੰਕਲਪ ਹੋਰ ਮਜ਼ਬੂਤ ਹੋਵੇਗਾ ਕਿ ਇਸ ਤਰੱਕੀ ਨੂੰ ਰੁਕਣ ਨਹੀਂ ਦੇਣਾ ਹੈ।''

DIsha

This news is Content Editor DIsha