ਭਾਰਤ ਨੂੰ 2024 ਤੱਕ ਬਣਾਵਾਂਗੇ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ : ਮੋਦੀ

06/16/2019 12:00:10 AM

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ 2024 ਤੱਕ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਅਸੀਂ ਨਿਸ਼ਾਨਾ ਰੱਖਿਆ ਹੈ।ਨੀਤੀ ਆਯੋਗ ਸੰਚਾਲਨ ਕੌਂਸਲ ਦੀ 5ਵੀਂ ਬੈਠਕ ਦੇ ਉਦਘਾਟਨੀ ਸੈਸ਼ਨ ਵਿਚ ਸ਼ਨੀਵਾਰ ਬੋਲਦਿਆਂ ਮੋਦੀ ਨੇ ਕਿਹਾ ਕਿ ਇਹ ਕੰਮ ਚੁਣੌਤੀ ਭਰਿਆ ਹੈ ਪਰ ਸੂਬਿਆਂ ਨਾਲ ਸਾਂਝੇ ਯਤਨਾਂ ਅਧੀਨ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਹਰ ਭਾਰਤੀ ਨੂੰ ਅਧਿਕਾਰ ਸੰਪੰਨ ਬਣਾਉਣ ਅਤੇ ਲੋਕਾਂ ਦੀ ਜ਼ਿੰਦਗੀ ਵਧੇਰੇ ਸੌਖੀ ਬਣਾਉਣ ਦੇ ਕੰਮ 'ਤੇ ਵੀ ਜ਼ੋਰ ਦਿੱਤਾ। ਪੱਤਰ ਸੂਚਨਾ ਦਫਤਰ ਵਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਮੋਦੀ ਨੇ 'ਟੀਮ ਇੰਡੀਆ' ਵਜੋ ਆਯੋਜਿਤ ਉਕਤ ਸੰਮੇਲਨ ਵਿਚ ਆਪਣੇ ਮੁਢਲੇ ਭਾਸ਼ਣ ਦੌਰਾਨ ਦੇਸ਼ ਵਿਚ ਗਰੀਬੀ, ਬੇਰੋਜ਼ਗਾਰੀ, ਸੋਕਾ, ਹੜ੍ਹ, ਪ੍ਰਦੂਸ਼ਣ, ਭ੍ਰਿਸ਼ਟਾਚਾਰ ਅਤੇ ਹਿੰਸਾ ਆਦਿ ਵਿਰੁੱਧ ਸਮੂਹਿਕ ਲੜਾਈ ਦਾ ਸੱਦਾ ਦਿੱਤਾ। ਉਨ੍ਹਾਂ 17ਵੀਂ ਲੋਕ ਸਭਾ ਦੀਆਂ ਚੋਣਾਂ ਨੂੰ ਦੁਨੀਆ ਵਿਚ ਲੋਕਰਾਜ ਦੀ ਸਭ ਤੋਂ ਵੱਡੀ ਕਵਾਇਦ ਦੱਸਿਆ ਅਤੇ ਕਿਹਾ ਕਿ ਹੁਣ ਸਮਾਂ ਹੈ ਕਿ ਸਭ ਮਿਲ ਕੇ ਭਾਰਤ ਦੇ ਵਿਕਾਸ ਵਿਚ ਜੁਟ ਜਾਣ।

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ 'ਸਬ ਕਾ ਸਾਥ, ਸਬ ਕਾ ਵਿਕਾਸ, ਸਬ ਕਾ ਵਿਸ਼ਵਾਸ' ਦੇ ਮੰਤਰ ਨੂੰ ਪੂਰਾ ਕਰਨ ਲਈ ਨੀਤੀ ਆਯੋਗ ਪ੍ਰਮੁੱਖ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਆਯੋਗ ਦੀ ਸੰਚਾਲਨ ਕੌਂਸਲ ਦੇ ਸਭ ਮੈਂਬਰਾਂ ਨੂੰ ਸਰਕਾਰ ਦਾ ਅਜਿਹਾ ਢਾਂਚਾ ਤਿਆਰ ਕਰਨ ਵਿਚ ਮਦਦ ਦਾ ਸੱਦਾ ਦਿੱਤਾ ਜੋ ਅਸਰਦਾਰ ਹੋਵੇ ਅਤੇ ਜਿਸ ਵਿਚ ਲੋਕਾਂ ਦਾ ਭਰੋਸਾ ਹੋਵੇ। ਦੇਸ਼ ਦੇ ਵਿਕਾਸ ਵਿਚ ਬਰਾਮਦ ਦੀ ਅਹਿਮੀਅਤ ਨੂੰ ਰੇਖਾਂਕਿਤ ਕਰਦਿਆਂ ਮੋਦੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਆਮਦਨ ਵਧਾਉਣ ਲਈ ਕੇਂਦਰ ਅਤੇ ਸੂਬਿਆਂ ਨੂੰ ਬਰਾਬਰ ਕੰਮ ਕਰਨਾ ਹੋਵੇਗਾ। ਉੱਤਰ-ਪੂਰਬ ਸਮੇਤ ਵੱਖ-ਵੱਖ ਸੂਬਿਆਂ ਵਿਚ ਬਰਾਮਦ ਦੇ ਖੇਤਰ ਵਿਚ ਬਹੁਤ ਸੰਭਾਵਨਾ ਹੈ। ਇਸ ਦੀ ਅਜੇ ਤੱਕ ਵਰਤੋਂ ਨਹੀਂ ਹੋ ਸਕੀ। ਸੂਬਿਆਂ ਦੇ ਪੱਧਰ 'ਤੇ ਬਰਾਮਦ 'ਤੇ ਜ਼ੋਰ ਦੇਣ ਨਾਲ ਹੀ ਆਮਦਨ ਅਤੇ ਰੋਜ਼ਗਾਰ ਨੂੰ ਰਫਤਾਰ ਮਿਲੇਗੀ।

ਬੈਠਕ ਤੋਂ ਪਹਿਲਾਂ ਕਾਂਗਰਸੀ ਮੁੱਖ ਮੰਤਰੀਆਂ ਨੇ ਮਨਮੋਹਨ ਸਿੰਘ ਤੋਂ ਲਿਆ ਮਾਰਗਦਰਸ਼ਨ

ਨੀਤੀ ਆਯੋਗ ਦੀ ਸੰਚਾਲਨ ਕੌਂਸਲ ਦੀ ਬੈਠਕ ਤੋਂ ਕੁਝ ਘੰਟੇ ਪਹਿਲਾਂ ਕਾਂਗਰਸ ਸ਼ਾਸਕ 4 ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਦਿੱਲੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਬੈਠਕ ਵਿਚ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।
 


Related News