''ਸਵੱਛ ਭਾਰਤ ਮੁਹਿੰਮ'' ਬੱਚਿਆਂ ਦੀਆਂ ਭਾਵਨਾਵਾਂ ਨੂੰ ਲੋਕਾਂ ਨਾਲ ਸਾਂਝਾ ਕਰ ਰਹੇ ਹਨ ਪ੍ਰਧਾਨ ਮੰਤਰੀ

09/22/2017 10:33:38 AM

ਨਵੀਂ ਦਿੱਲੀ— 'ਸਵੱਛ ਭਾਰਤ ਮੁਹਿੰਮ' ਨੂੰ ਜਨ ਅੰਦੋਲਨ ਦੀ ਪਹਿਲ ਦੇ ਅਧੀਨ ਬੱਚਿਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ-ਇਕ ਕਰ ਕੇ ਦੇਸ਼ ਨਾਲ ਸਾਂਝਾ ਕਰ ਰਹੇ ਹਨ। 'ਸਵੱਛ ਭਾਰਤ ਮੁਹਿੰਮ' ਨੂੰ ਜਨ ਅੰਦੋਲਨ ਬਣਾਉਣ ਦੇ ਮਕਸਦ ਨਾਲ ਆਯੋਜਿਤ ਪੇਂਟਿੰਗ ਸਮੇਤ ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਵੱਖ-ਵੱਖ ਰਾਜਾਂ ਤੋਂ ਜੇਤੂ ਰਹੇ ਬੱਚਿਆਂ ਦੀ ਪੇਂਟਿੰਗ ਅਤੇ ਉਨ੍ਹਾਂ ਦਾ ਸੰਦੇਸ਼ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕਰ ਰਹੇ ਹਨ। ਸ਼ੁੱਕਰਵਾਰ ਦੀ ਸਵੇਰ ਮੋਦੀ ਨੇ ਆਸਾਮ ਦੇ ਸ਼ਿਵ ਸਾਗਰ ਤੋਂ ਪੁਰਸਕਾਰ ਜੇਤੂ ਅਰਣਬ ਜੋਤੀ ਰਾਜਖੋਵਾ ਦੀ ਪੇਂਟਿੰਗ ਨਾਲ ਟਵੀਟ ਕੀਤਾ ਹੈ,''ਸਾਰੇ ਸਵੱਛ ਭਾਰਤ ਮੁਹਿੰਮ' ਦੇ ਨਾਲ ਆਉਣ, ਆਸਾਮ ਦੇ ਸ਼ਿਵ ਸਾਗਰ ਦੇ ਅਰਣਬ ਜੋਤੀ ਰਾਜਖੋਵਾ ਵੱਲੋਂ ਬਣਾਈ ਪੇਂਟਿੰਗ ਦਾ ਇਹੀ ਸੰਦੇਸ਼ ਹੈ।'' ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਪੇਂਟਿੰਗ ਮੁਕਾਬਲੇ 'ਚ ਆਸਾਮ ਤੋਂ ਜੇਤੂ ਰਹੀ ਨਰਮਦਾ ਛੇਤਰੀ ਦੀ ਪੇਂਟਿੰਗ ਦੀ ਤਸਵੀਰ ਪੋਸਟ ਕਰ ਕੇ ਟਵਿੱਟਰ 'ਤੇ ਲਿਖਿਆ ਸੀ,''ਆਸਾਮ ਤੋਂ ਨਰਮਦਾ ਛੇਤਰੀ ਵੱਲੋਂ ਬਣਾਈ ਪੇਂਟਿੰਗ 'ਸਵੱਛ ਭਾਰਤ ਮੁਹਿੰਮ' 'ਚ ਵਧ ਤੋਂ ਵਧ ਲੋਕਾਂ ਦੇ ਹਿੱਸਾ ਲੈਣ ਦੀ ਲੋੜ ਦੀ ਥੀਮ 'ਤੇ ਆਧਾਰਤ ਹੈ।''
ਰਾਜਸਥਾਨ ਦੇ ਉਦੇਪੁਰ ਦੇ ਕਪਿਲ ਮੀਣਾ ਦੀ ਪੇਂਟਿੰਗ ਨਾਲ ਉਨ੍ਹਾਂ ਨੇ ਪੋਸਟ ਕੀਤਾ ਹੈ,''ਇਸ ਪੇਂਟਿੰਗ ਦੇ ਮਾਧਿਅਮ ਨਾਲ ਉਦੇਪੁਰ ਦੇ ਕਪਿਲ ਮੀਣਾ ਦਿਖਾਉਂਦੇ ਹਨ ਕਿ ਕਿਵੇਂ ਜਨ ਸਹਿਯੋਗ ਦਾ ਨਤੀਜਾ ਸਵੱਛ ਪਿੰਡ ਹੋ ਸਕਦਾ ਹੈ।'' ਇਸ ਮੁਹਿੰਮ ਨਾਲ ਜਨਤਾ ਨੂੰ ਜੋੜਨ ਲਈ ਕੇਂਦਰ ਸਰਕਾਰ ਵੱਲੋਂ 17 ਅਗਸਤ ਤੋਂ 8 ਸਤੰਬਰ ਦਰਮਿਆਨ ਦੇਸ਼ ਭਰ 'ਚ ਫਿਲਮ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਇਨ੍ਹਾਂ ਦਾ ਆਯੋਜਨ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਵੱਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ 'ਚ ਜਿੱਤ ਰਹੇ ਲੋਕਾਂ ਨੂੰ ਪ੍ਰਧਾਨ ਮੰਤਰੀ 2 ਅਕਤੂਬਰ, ਗਾਂਧੀ ਜਯੰਤੀ ਨੂੰ ਸਨਮਾਨਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋਣ ਮੌਕੇ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਸੰਕਲਪ ਤੋਂ ਸਿੱਧੀ ਤੱਕ ਕੰਮ ਕਰਦੇ ਹੋਏ ਸਾਨੂੰ ਸਾਲ 2022 ਤੱਕ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਜੋ ਗੰਦਗੀ ਅਤੇ ਕੂੜੇ ਤੋਂ ਮੁਕਤ ਹੋਵੇ। ਜ਼ਿਕਰਯੋਗ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜਯੰਤੀ ਮੌਕੇ ਹੀ ਬਾਪੂ ਦੇ ਨਿਰਮਲ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ 'ਸਵੱਛ ਭਾਰਤ ਮੁਹਿੰਮ' ਦਾ ਸ਼ੁੱਭ ਆਰੰਭ ਕੀਤਾ ਸੀ।