ਦਿੱਲੀ ਦੇ ਤਿੰਨੋਂ ਨਗਰ ਨਿਗਮ ਹੋਏ ਇਕ, ਰਾਸ਼ਟਰਪਤੀ ਨੇ ਬਿੱਲ ਨੂੰ ਦਿੱਤੀ ਮਨਜ਼ੂਰੀ

04/19/2022 12:33:11 PM

ਨਵੀਂ ਦਿੱਲੀ- ਦਿੱਲੀ ਦੇ ਤਿੰਨੋਂ ਨਗਰ ਨਿਗਮਾਂ ਨੂੰ ਇਕ ਕਰਨ ਵਾਲੇ ਦਿੱਲੀ ਨਗਰ ਨਿਗਮ (ਸੋਧ) ਬਿੱਲ, 2022 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਸਬੰਧ ’ਚ ਭਾਰਤ ਸਰਕਾਰ ਨੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਸੰਸਦ ਦੇ ਬੀਤੇ ਸੈਸ਼ਨ ’ਚ ਹੀ ਤਿੰਨੋਂ ਨਗਰ ਨਿਗਮ ਨੂੰ ਇਕ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਇਆ ਸੀ। ਇਸ ਦਾ ਮਤਲਬ ਹੈ ਕਿ ਵਾਰਡਾਂ ਦੀ ਗਿਣਤੀ 272 ਤੋਂ ਘਟਾ ਕੇ 250 ਕੀਤੀ ਜਾ ਸਕਦੀ ਹੈ। ਇਸ ਕਾਨੂੰਨ ਦਾ ਉਦੇਸ਼ ਦਿੱਲੀ ਦੇ ਤਿੰਨੋਂ ਨਗਰ ਨਿਗਮ- ਪੂਰਬੀ ਦਿੱਲੀ ਨਗਰ ਨਿਗਮ, ਉੱਤਰੀ ਦਿੱਲੀ ਨਗਰ ਨਿਗਮ ਅਤੇ ਦੱਖਣੀ ਦਿੱਲੀ ਨਗਰ ਨਿਗਮ ਦਾ ਰਲੇਵਾਂ ਕਰਨਾ ਹੈ, ਜਿਸ ਨੂੰ ਹੁਣ ‘ਦਿੱਲੀ ਨਗਰ ਨਿਗਮ’ ਦੇ ਰੂਪ ’ਚ ਜਾਣਿਆ ਜਾਵੇਗਾ।

ਅਧਿਕਾਰਤ ਜਾਣਕਾਰੀ ਮੁਤਾਬਕ ਹੁਣ ਦਿੱਲੀ ਨਗਰ ਨਿਗਮ ਦੇ ਕੰਮਾਂ ਲਈ ਸਰਕਾਰ ਇਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕਰੇਗੀ। ਸੰਸਦ ਤੋਂ ਪਾਸ ਇਸ ਕਾਨੂੰਨ ਨੂੰ ਰਾਸ਼ਟਰਪਤੀ ਵਲੋਂ ਮਨਜ਼ੂਰੀ ਦਿੱਤੀ ਗਈ ਅਤੇ ਇਸ ਵਲੋਂ ਆਮ ਜਾਣਕਾਰੀ ਲਈ ਮੰਗਲਵਾਰ ਨੂੰ ਭਾਰਤ ਦੇ ਰਾਜਪੱਤਰ ’ਚ ਪ੍ਰਕਾਸ਼ਤ ਕੀਤਾ ਗਿਆ। ਇਸ ਕਾਨੂੰਨ ਦੇ ਲਾਗੂ ਹੋਣ ਮਗਰੋਂ ਹੁਣ ਤਿੰਨ ਨਹੀਂ, ਇਕ ਨਿਗਮ ਹੋ ਗਈ ਹੈ।

ਦੱਸ ਦੇਈਏ ਕਿ ਅਪ੍ਰੈਲ ਦੀ ਸ਼ੁਰੂਆਤ ’ਚ ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਣਾ ਸੀ ਪਰ ਜਦੋਂ ਦਿੱਲੀ ਦੇ ਚੋਣ ਕਮਿਸ਼ਨ ਆਪਣੇ ਪਹਿਲਾਂ ਸਮੇਂ ਤੋਂ ਤੈਅ ਤਾਰੀਖ਼ਾਂ ਦਾ ਐਲਾਨ ਕਰਨ ਆਏ, ਤਾਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਸੀ ਕਿ ਅੱਧੇ ਘੰਟੇ ਪਹਿਲਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਤਿੰਨੋਂ ਨਿਗਮਾਂ ਨੂੰ ਇਕ ਕਰਨ ਦੀ ਸੂਚਨਾ ਮਿਲੀ, ਇਸ ਲਈ ਤਾਰੀਖ਼ਾਂ ਦਾ ਐਲਾਨ ਬਾਅਦ ’ਚ ਕਰਨਗੇ।

Tanu

This news is Content Editor Tanu