ਪ੍ਰਯਾਗਰਾਜ ''ਚ ਮਾਘ ਮੇਲੇ-2020 ਦੀਆਂ ਤਿਆਰੀਆਂ ਜ਼ੋਰਾਂ ''ਤੇ

12/30/2019 12:17:35 PM

ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸੰਗਮ ਦੇ ਕੰਢੇ 'ਤੇ ਮਾਘ ਮੇਲਾ-2020 ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਪਹਿਲਾ ਮੁੱਖ ਇਸ਼ਨਾਨ 10 ਜਨਵਰੀ ਤੋਂ ਹੈ। ਇਸ ਦਿਨ ਤੋਂ ਮੇਲਾ ਸ਼ੁਰੂ ਹੋ ਜਾਵੇਗਾ। ਮੇਲਾ 2 ਮਹੀਨਿਆਂ ਤਕ ਚਲੇਗਾ। ਮੇਲੇ ਦਾ ਲੇਆਊਟ ਤਿਆਰ ਹੋ ਗਿਆ ਹੈ। ਇਸ ਵਾਰ ਮਾਘ ਮੇਲਾ ਕਰੀਬ 2 ਹਜ਼ਾਰ ਬੀਘੇ 'ਚ ਵਸਾਇਆ ਜਾ ਰਿਹਾ ਹੈ। ਇਹ 2018 ਦੇ ਮੇਲੇ ਤੋਂ ਕਰੀਬ 10 ਫੀਸਦੀ ਜ਼ਿਆਦਾ ਹੈ, ਉਦੋਂ 1797 ਬੀਘੇ 'ਚ ਮੇਲਾ ਲੱਗਾ ਸੀ। ਲਗਭਗ 5 ਕਿਲੋਮੀਟਰ ਦੇ ਰਨਿੰਗ ਏਰੀਆ 'ਚ ਇਸ਼ਨਾਨ ਘਾਟ ਬਣਾਇਆ ਜਾ ਰਿਹਾ ਹੈ। ਪੂਰਾ ਸੰਗਮ ਖੇਤਰ ਦੁੱਧੀਆ ਰੌਸ਼ਨੀ ਨਾਲ ਜਗਮਗ ਰਹੇਗਾ। 4 ਵਾਚ ਟਾਵਰ ਦੇ ਨਾਲ ਹੀ 8 ਹਾਈਮਾਸਟ ਵੀ ਲਾਏ ਜਾਣਗੇ। ਗੰਗਾ ਨਦੀ 'ਤੇ 5 ਪਾਂਟੂਨ ਪੁਲ ਬਣਾਏ ਗਏ ਹਨ ਜਦਕਿ ਚੈਕਰਡ ਪਲੇਟ ਦੀ 80 ਕਿਲੋਮੀਟਰ ਦੀ ਦੂਰੀ 'ਚ ਸੜਕਾਂ ਬਣਾਈਆਂ ਜਾ ਰਹੀਆਂ ਹਨ। ਮੇਲੇ 'ਚ 20 ਐਂਬੂਲੈਂਸ ਵੀ ਤਾਇਨਾਤ ਰਹਿਣਗੀਆਂ। ਮੇਲੇ 'ਚ ਤੰਬੂਆਂ ਦੀ ਨਗਰੀ ਵਸਾਉਣ ਲਈ ਪ੍ਰਸ਼ਾਸਨ ਨੇ ਦਲਦਲ ਟ੍ਰੀਟਮੈਂਟ ਸ਼ੁਰੂ ਕਰਾਇਆ ਹੈ। ਇਸ ਲਈ 30 ਤੋਂ ਜ਼ਿਆਦਾ ਟ੍ਰੈਕਟਰ ਅਤੇ ਜੇ. ਸੀ. ਬੀ. ਮਸ਼ੀਨਾਂ ਲਗਾਈਆਂ ਗਈਆਂ ਹਨ। ਮਾਘ ਮੇਲਾ 2020 'ਚ ਇਸ ਵਾਰ ਚਾਰ ਕਰੋੜ ਰੁਪਏ ਦੀ ਬਿਜਲੀ ਦੀ ਵਰਤੋਂ ਹੋਵੇਗੀ। ਪ੍ਰਯਾਗਰਾਜ 'ਚ 5 ਡਿਗਰੀ ਤੋਂ ਘੱਟ ਤਾਪਮਾਨ ਵਿਚਾਲੇ ਮੇਲੇ ਦੀ ਤਿਆਰੀ ਜ਼ੋਰਾਂ 'ਤੇ ਹੈ।

ਮੇਲੇ 'ਚ ਸ਼ਰਧਾਲੂਆਂ ਲਈ ਸਹੂਲਤਾਂ :-
ਸੁਰੱਖਿਆ ਪ੍ਰਬੰਧ
ਸੁਰੱਖਿਆ ਦੇ ਲਿਹਾਜ਼ ਨਾਲ ਇਸ ਵਾਲ ਮੇਲੇ ਖੇਤਰ 'ਚ 13 ਪੁਲਸ ਥਾਣੇ ਅਤੇ 40 ਪੁਲਸ ਚੌਕੀਆਂ ਬਣਾਈਆਂ ਜਾ ਰਹੀਆਂ ਹਨ। ਪਿਛਲੇ ਮਾਘ ਮੇਲੇ 'ਚ 12 ਥਾਣੇ ਅਤੇ 36 ਪੁਲਸ ਚੌਕੀਆਂ ਸਨ। ਪੁਲਸ ਨੇ ਮੇਲਾ ਖੇਤਰ ਨੂੰ ਦੋ ਜ਼ੋਨ ਅਤੇ 6 ਸੈਕਟਰਾਂ 'ਚ ਵੰਡਿਆ ਹੈ।

ਸਿਹਤ ਸਬੰਧੀ ਸਹੂਲਤ
ਮੇਲੇ 'ਚ ਸਿਹਤ ਸੇਵਾਵਾਂ ਦੇ ਮੱਦੇਨਜ਼ਰ 20-20 ਬੈੱਡ ਦੇ 2 ਹਸਪਤਾਲ, 3 ਆਯੁਰਵੈਦਿਕ ਅਤੇ 3 ਹੋਮੀਓਪੈਥਿਕ ਹਸਪਤਾਲਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ। 10 ਪ੍ਰਾਥਮਿਕ (ਮੁੱਢਲੇ) ਸਿਹਤ ਕੇਂਦਰ ਅਤੇ ਹਰ ਸੈਕਟਰ 'ਚ 2-2 ਪੀ. ਐੱਚ. ਸੀ. ਵੀ ਬਣਾਏ ਜਾ ਰਹੇ ਹਨ।

ਬਿਜਲੀ-ਪਾਣੀ
ਪਾਣੀ ਲਈ 18 ਟਿਊਬਵੈੱਲ ਲਾਏ ਜਾ ਰਹੇ ਹਨ। ਕੁਲ 162 ਕਿਲੋਮੀਟਰ ਦੀ ਲੰਬਾਈ 'ਚ ਪਾਣੀ ਦੀ ਪਾਈਪ ਲਾਈਨ ਵਿਛਾਈ ਗਈ ਹੈ। ਮੇਲੇ 'ਚ 12 ਹਜ਼ਾਰ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ, 2018 'ਚ 9500 ਐੱਲ. ਈ. ਡੀ. ਲਾਈਟਾਂ ਸਨ। 20 ਬਿਜਲੀ ਉਪਕੇਂਦਰ ਬਣ ਰਹੇ ਹਨ।

ਆਵਾਜਾਈ
ਉੱਤਰ ਮੱਧ ਰੇਲਵੇ, ਉੱਤਰ ਰੇਲਵੇ ਅਤੇ ਉਤਰ ਪੂਰਬੀ ਰੇਲਵੇ ਨੇ ਮਾਘ ਮੇਲੇ ਦੇ ਦੌਰਾਨ 225 ਸਪੈਸ਼ਲ ਟ੍ਰੇਨਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਹੈ। ਭੀੜ ਜ਼ਿਆਦਾ ਹੋਣ 'ਤੇ ਵਾਧੂ ਟਰੇਨਾਂ ਵੀ ਚਲਾਈਆਂ ਜਾਣਗੀਆਂ।

ਮੇਲੇ ਦੇ 6 ਪ੍ਰਮੁੱਖ ਇਸ਼ਨਾਨ ਪੁਰਬ
1. 10 ਜਨਵਰੀ ਨੂੰ ਪੌਹ ਪੁੰਨਿਆ
2. 15 ਜਨਵਰੀ ਨੂੰ ਮਕਰ ਸੰਗਰਾਂਦ
3. 24 ਜਨਵਰੀ ਮੌਨੀ ਮੱਸਿਆ
4. 30 ਜਨਵਰੀ ਨੂੰ ਬਸੰਤ ਪੰਚਮੀ
5. 9 ਫਰਵਰੀ ਨੂੰ ਮਾਘੀ ਪੁੰਨਿਆ
6. 21 ਫਰਵਰੀ ਨੂੰ ਮਹਾਸ਼ਿਵਰਾਤਰੀ


Tarsem Singh

Content Editor

Related News