ਪ੍ਰਵਾਸੀ ਸੰਮੇਲਨ: ਪੀ. ਐੱਮ. ਮੋਦੀ ਬੋਲੇ- ਭਾਰਤ ’ਚ ਲੋਕਤੰਤਰ ਸਭ ਤੋਂ ਵਧੇਰੇ ਮਜ਼ਬੂਤ

01/09/2021 12:24:02 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ 16ਵੇਂ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਵੀਂ ਪੀੜ੍ਹੀ ਭਾਵੇਂ ਹੀ ਜੜ੍ਹਾਂ ਤੋਂ ਦੂਰ ਹੋ ਗਈ ਹੋਵੇ ਪਰ ਉਨ੍ਹਾਂ ਦਾ ਜੁੜਾਅ ਭਾਰਤ ਨਾਲ ਵਧਿਆ ਹੈ। ਭਾਰਤ ਦੇ ਲੋਕਾਂ ਨੇ ਸੇਵਾ ਭਾਵਨਾ ਦਾ ਪਰਿਚੈ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ’ਚ ਭਾਰਤ ਦੇ ਲੋਕਾਂ ਨੇ ਸ਼ਾਨਦਾਰ ਕੰਮ ਕੀਤਾ। ਲੋਕ ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਮਦਦਗਾਰ ਦਿੱਸੇ। ਕੋਰੋਨਾ ਲਾਗ ਦੇ ਇਸ ਦੌਰ ’ਚ ਭਾਰਤ ਨੇ ਫਿਰ ਦਿਖਾ ਦਿੱਤਾ ਕਿ ਸਾਡੀ ਤਾਕਤ ਕੀ ਹੈ ਅਤੇ ਸਾਡੀ ਸਮਰੱਥਾ ਕੀ ਹੈ। ਕੋਰੋਨਾ ਕਾਲ ’ਚ ਅੱਜ ਭਾਰਤ ਦੁਨੀਆ ਦੇ ਸਭ ਤੋਂ ਘੱਟ ਮੌਤ ਦਰ ਅਤੇ ਸਭ ਤੋਂ ਵੱਧ ਸੁਧਾਰ ਦਰਜ ਕਰਨ ਵਾਲੇ ਦੇਸ਼ਾਂ ਵਿਚ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੇ ਲੋਕਤੰਤਰ ’ਤੇ ਇਕ ਸਮੇਂ ਖ਼ਦਸ਼ਾ ਜ਼ਾਹਰ ਕੀਤਾ ਗਿਆ ਸੀ ਪਰ ਅੱਜ ਭਾਰਤ ਦਾ ਉਹ ਸਥਾਨ ਹੈ, ਜਿੱਥੇ ਲੋਕਤੰਤਰ ਸਭ ਤੋਂ ਵਧੇਰੇ ਮਜ਼ਬੂਤ ਹੈ ਅਤੇ ਸਭ ਤੋਂ ਜੀਵੰਤ ਹੈ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਦਾ ਇਸਤੇਮਾਲ ਕਰ ਕੇ ਗਰੀਬਾਂ ਨੂੰ ਮਜ਼ਬੂਤ ਕਰਨ ਦੀ ਭਾਰਤ ਦੀਆਂ ਕੋਸ਼ਿਸ਼ਾਂ ’ਤੇ ਪੂਰੀ ਦੁਨੀਆ ਚਰਚਾ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਰਗਾ ਇੰਨਾ ਵੱਡਾ ਲੋਕਤੰਤਰੀ ਦੇਸ਼ ਜਿਸ ਇਕਜੁੱਟਤਾ ਨਾਲ ਖੜ੍ਹਾ ਹੈ, ਉਸ ਦੀ ਮਿਸਾਲ ਦੁਨੀਆ ਵਿਚ ਨਹੀਂ ਹੈ। ਮੋਦੀ ਨੇ ਕਿਹਾ ਕਿ ਅਸੀਂ ਕਦੇ ਦੁਨੀਆ ’ਤੇ ਕੋਈ ਚੀਜ਼ ਨਹੀਂ ਥੋਪੀ ਅਤੇ ਨਾ ਹੀ ਥੋਪਣ ਬਾਰੇ ਸੋਚਿਆ ਸਗੋਂ ਅਸੀਂ ਭਾਰਤ ਬਾਰੇ ਜਗਿਆਸਾ ਪੈਦਾ ਕੀਤੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਤਕਨਾਲੋਜੀ ਦੇ ਜ਼ਰੀਏ ਗਰੀਬ ਤੋਂ ਗਰੀਬ ਨੂੰ ਮਜ਼ਬੂਤ ਕਰਨ ਦੀ ਜੋ ਮੁਹਿੰਮ ਅੱਜ ਭਾਰਤ ’ਚ ਚੱਲ ਰਹੀ ਹੈ, ਉਸ ਦੀ ਦੁਨੀਆ ਦੇ ਹਰ ਕੋਨੇ ਵਿਚ ਅਤੇ ਹਰ ਪੱਧਰ ’ਤੇ ਚਰਚਾ ਹੋ ਰਹੀ ਹੈ। ਭਾਰਤ ਅੱਜ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤਕਨੀਕ ਦਾ ਵਧੇਰੇ ਇਸਤੇਮਾਲ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੋੜਾਂ ਰੁਪਏ ਜੋ ਪਹਿਲਾਂ ਤਮਾਮ ਕਮੀਆਂ ਦੀ ਵਜ੍ਹਾ ਨਾਲ ਗਲਤ ਹੱਥਾਂ ’ਚ ਜਾਂਦੇ ਸਨ, ਅੱਜ ਸਿੱਧੇ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ਵਿਚ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਕਿਹਾ ਕਿ ਪੀਐੱਮ ਕੇਅਰਜ਼ ’ਚ ਦਿੱਤਾ ਗਿਆ ਤੁਹਾਡਾ ਯੋਗਦਾਨ ਭਾਰਤ ’ਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਲੰਘਿਆ ਸਾਲ ਸਾਡੇ ਲਈ ਬਹੁਤ ਚੁਣੌਤੀਆਂ ਭਰਿਆ ਸਾਲ ਰਿਹਾ ਹੈ ਪਰ ਇਨ੍ਹਾਂ ਚੁਣੌਤੀਆਂ ਵਿਚਾਲੇ ਦੁਨੀਆ ਭਰ ’ਚ ਫੈਲੇ ਭਾਰਤੀ ਮੂਲ ਦੇ ਸਾਥੀਆਂ ਨੇ ਜਿਸ ਤਰ੍ਹਾਂ ਕੰਮ ਕੀਤਾ, ਆਪਣਾ ਫਰਜ਼ ਨਿਭਾਇਆ ਹੈ, ਉਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ।

Tanu

This news is Content Editor Tanu