ਹੁਣ ਮਮਤਾ ਦੇ ਸਾਰਥੀ ਬਣਨਗੇ ਪ੍ਰਸ਼ਾਂਤ ਕਿਸ਼ੋਰ

06/06/2019 9:21:09 PM

ਨਵੀਂ ਦਿੱਲੀ — ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਰਫ ਪੀ. ਕੇ. ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਲਈ ਚੋਣ ਰਣਨੀਤੀ ਤਿਆਰ ਕਰਨ ਦਾ ਕੰਮ ਕਰਨਗੇ। ਜਾਣਕਾਰੀ ਅਨੁਸਾਰ ਪ੍ਰਸ਼ਾਂਤ ਕਿਸ਼ੋਰ ਅਧਿਕਾਰਤ ਤੌਰ ’ਤੇ ਮਮਤਾ ਬੈਨਰਜੀ ਨਾਲ ਕੰਮ ਕਰਨਾ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਜਗਨਮੋਹਨ ਰੈੱਡੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਲਈ ਵੀ ਕੰਮ ਕਰ ਚੁੱਕੇ ਹਨ। ਹਾਲ ਹੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਵਾਈ. ਐੱਸ. ਆਰ. ਕਾਂਗਰਸ ਦੇ ਪ੍ਰਧਾਨ ਜਗਨਮੋਹਨ ਰੈੱਡੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਅਤੇ ਮੁੱਖ ਮੰਤਰੀ ਬਣੇ ਹਨ। ਇਸ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਖਾਸ ਭੂਮਿਕਾ ਨਿਭਾਈ।

2014 ਵਿਚ ਮੋਦੀ ਦੀ ਜਿੱਤ ’ਚ ਨਿਭਾਈ ਅਹਿਮ ਭੂਮਿਕਾ
ਸਾਲ 2014 ਦੀਆਂ ਆਮ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕੰਮ ਕੀਤਾ ਸੀ। ਉਦੋਂ 3ਡੀ ਤਕਨੀਕ ਨਾਲ ਰੈਲੀ ਅਤੇ ਚਾਹ ’ਤੇ ਚਰਚਾ ਵਰਗੇ ਆਕਰਸ਼ਿਤ ਪ੍ਰੋਗਰਾਮ ਤਿਆਰ ਕਰ ਕੇ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਦੇ ਚੋਣ ਪ੍ਰਚਾਰ ਨੂੰ ਇਕ ਨਵੇਂ ਸਿਖਰ ’ਤੇ ਪਹੁੰਚਾ ਦਿੱਤਾ ਸੀ।

ਨਿਤੀਸ਼ ਦੀ ਜਿੱਤ ਦੇ ਵੀ ਰਹੇ ਹੀਰੋ
ਹਾਲਾਂਕਿ 2014 ਵਿਚ ਜਿੱਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਅਤੇ ਭਾਜਪਾ ਵਿਚਾਲੇ ਦੂਰੀ ਵਧਣ ਲੱਗੀ ਅਤੇ ਪੀ. ਕੇ. ਨੇ ਬਿਹਾਰ ਵਲ ਕਦਮ ਵਧਾ ਲਏ। ਸਾਲ 2015 ਵਿਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਪ੍ਰਸ਼ਾਂਤ ਕਿਸ਼ੋਰ ਨੇ ਮਹਾਗਠਜੋੜ ਲਈ ਕੰਮ ਕੀਤਾ ਅਤੇ ਉਸ ਦੀ ਕਿਸ਼ਤੀ ਪਾਰ ਲੰਘਾਉਣ ਵਿਚ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਪੀ. ਕੇ. ਜਦ (ਯੂ.) ਵਿਚ ਸ਼ਾਮਲ ਹੋ ਗਏ ਸਨ। ਨਿਤੀਸ਼ ਨੇ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਉਪ ਪ੍ਰਧਾਨ ਬਣਾਇਆ ਸੀ। ਜਦੋਂ ਨਿਤੀਸ਼ ਕੁਮਾਰ ਨੇ ਮਹਾਗਠਜੋੜ ਤੋਂ ਵੱਖ ਹੋ ਕੇ ਭਾਜਪਾ ਦਾ ਸਾਥ ਦੇਣ ਦਾ ਫੈਸਲਾ ਕੀਤਾ ਤਾਂ ਪ੍ਰਸ਼ਾਂਤ ਨੇ ਜਨਤਕ ਤੌਰ ’ਤੇ ਨਿਤੀਸ਼ ਦੇ ਇਸ ਫੈਸਲੇ ’ਤੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਨਿਤੀਸ਼ ਅਤੇ ਪੀ. ਕੇ. ਵਿਚਾਲੇ ਦੂਰੀਆਂ ਵਧਦੀਆਂ ਗਈਆਂ ਅਤੇ ਇਕ ਤਰ੍ਹਾਂ ਨਾਲ ਪੀ. ਕੇ. ਨੂੰ ਪਾਰਟੀ ਨੇ ਹਾਸ਼ੀਏ ’ਤੇ ਰੱਖ ਦਿੱਤਾ।


Inder Prajapati

Content Editor

Related News