ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਸੰਭਾਵਨਾ, ਵੱਡੀ ਜ਼ਿੰਮੇਵਾਰੀ ਮਿਲਣੀ ਤੈਅ

07/30/2021 9:57:42 AM

ਨਵੀਂ ਦਿੱਲੀ (ਵਿਸ਼ੇਸ਼)- ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀ. ਕੇ.) ਦੇ ਪਿਛਲੇ ਬਹੁਤ ਸਮੇਂ ਤੋਂ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ’ਤੇ ਚਰਚਾਵਾਂ ਹੋ ਰਹੀਆਂ ਹਨ। ਹਾਲ ਹੀ ਵਿਚ ਪ੍ਰਸ਼ਾਂਤ ਕਿਸ਼ੋਰ ਦੇ ਕਾਂਗਰਸ ਸਕੱਤਰ ਜਨਰਲ ਪ੍ਰਿਯੰਕਾ ਗਾਂਧੀ ਅਤੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਮਗਰੋਂ ਇਨ੍ਹਾਂ ਅਟਕਲਾਂ ਨੂੰ ਬਹੁਤ ਜ਼ੋਰ ਮਿਲਿਆ ਹੈ। ਹਾਲਾਂਕਿ ਉਹ ਆਪਣੇ ਵੱਲੋਂ ਇਨ੍ਹਾਂ ਅਟਕਲਾਂ ’ਤੇ ਰੋਕ ਲਗਾਉਂਦੇ ਨਜ਼ਰ ਆਏ ਹਨ। ਹੁਣ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਇਕ ਮੀਟਿੰਗ ਵਿਚ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਲਈ ਪਾਰਟੀ ਨੇਤਾਵਾਂ ਤੋਂ ਸਲਾਹ ਮੰਗੀ ਹੈ।

ਦੱਸ ਦਈਏ ਕਿ ਰਾਹੁਲ ਗਾਂਧੀ ਅਤੇ ਪ੍ਰਸ਼ਾਂਤ ਕਿਸ਼ੋਰ ਵਲੋਂ ਇਸ ਬਾਰੇ ਕਿਸੇ ਤਰ੍ਹਾਂ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉਥੇ ਨਾਂ ਨਹੀਂ ਛਾਪਣ ਦੀ ਸ਼ਰਤ ’ਤੇ ਇਸ ਮਾਮਲੇ ਨਾਲ ਜੁੜੇ 3 ਲੋਕਾਂ ਨੇ ਦੱਸਿਆ ਕਿ 22 ਜੁਲਾਈ ਨੂੰ ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿਚ ਇਕ ਮੀਟਿੰਗ ਵਿਚ ਚਰਚਾ ਕੀਤੀ ਗਈ ਸੀ। ਇਸ ਮੀਟਿੰਗ ਵਿਚ ਏ. ਕੇ. ਐਂਟਨੀ, ਮੱਲਿਕਾਅਰੁਜਨ ਖੜਗੇ, ਕੇ. ਸੀ. ਵੇਣੁਗੋਪਾਲ, ਕਮਲਨਾਥ ਅਤੇ ਅੰਬਿਕਾ ਸੋਨੀ ਵਰਗੇ ਮਸ਼ਹੂਰ ਕਾਂਗਰਸੀ ਨੇਤਾ ਮੌਜੂਦ ਸਨ। ਜੇਕਰ ਇਹ ਸਾਰੇ ਨੇਤਾ ਪ੍ਰਸ਼ਾਂਤ ਕਿਸ਼ੋਰ ਦੇ ਨਾਂ ਨੂੰ ਲੈ ਕੇ ਮੰਨ ਜਾਂਦੇ ਹਨ ਤਾਂ ਕਾਂਗਰਸ ਵਿਚ ਉਨ੍ਹਾਂ ਨੂੰ ਕੋਈ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ 15 ਜੁਲਾਈ ਨੂੰ ਕਾਂਗਰਸ ਨੂੰ ਅੱਗੇ ਵਧਾਉਣ ਲਈ ਗਾਂਧੀ ਪਰਿਵਾਰ ਦੇ ਸਾਹਮਣੇ ਇਕ ਖਾਕਾ ਪੇਸ਼ ਕੀਤਾ ਸੀ।

ਇਹ ਵੀ ਪੜ੍ਹੋ : ਕੁੱਲੂ ਹੜ੍ਹ: ਜਾਨ ਬਚਾਉਣ ਲਈ ਮਾਸੂਮ ਪੁੱਤ ਨੂੰ ਚੁੱਕ ਦੌੜੀ ਮਾਂ, ਦਾਦੇ ਸਾਹਮਣੇ ਪਾਣੀ 'ਚ ਰੁੜ੍ਹੇ ਪੋਤਾ-ਨੂੰਹ

ਆਖਰੀ ਫ਼ੈਸਲੇ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਲਈ ਸਲਾਹ
ਲੋਕਾਂ ਵਿਚੋਂ ਇਕ ਨੇ ਕਿਹਾ ਕਿ 22 ਜੁਲਾਈ ਦੀ ਮੀਟਿੰਗ ਇਹ ਜਾਣਨ ਲਈ ਸੀ ਕਿ ਕਿਸ਼ੋਰ ਦੇ ਸੁਝਾਵਾਂ ਬਾਰੇ ਕਾਂਗਰਸ ਦੇ ਸੀਨੀਅਰ ਨੇਤਾ ਕਿਹੋ ਜਿਹਾ ਮਹਿਸੂਸ ਕਰਦੇ ਹਨ, ਜੋ ਪਿਛਲੇ ਸਾਲ ਮਹਾਮਾਰੀ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਤੇ ਗਏ ਸਨ। ਇਕ ਹੋਰ ਨੇਤਾ ਨੇ ਕਿਹਾ ਕਿ ਸੋਨੀਆ ਗਾਂਧੀ ਅਗਲੇ ਕੁਝ ਦਿਨਾਂ ਦੇ ਅੰਦਰ ਫ਼ੈਸਲਾ ਲੈਣ ਤੋਂ ਪਹਿਲਾਂ ਸਲਾਹ ਚਾਹੁੰਦੀ ਸੀ। ਇਕ ਹੋਰ ਨੇਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਾਂਗਰਸ ਕਿਸ਼ੋਰ ਵਲੋਂ ਸੁਝਾਈਆਂ ਗਈਆਂ ਰਣਨੀਤੀਆਂ ਨੂੰ ਅਪਨਾਉਣ ਦੀ ਇੱਛਾ ਰੱਖਦੀ ਹੈ ਅਤੇ ਇਕ ਆਮ ਸਹਿਮਤੀ ਬਣੀ ਹੈ। ਅਸੀਂ ਇਸ ਬਾਰੇ ਆਸ਼ਾਵਾਦੀ ਹਾਂ ਕਿਉਂਕਿ ਕਿਸ਼ੋਰ ਨੇ ਕਿਹਾ ਹੈ ਕਿ ਕਾਂਗਰਸ ਦੇ ਬਿਨਾਂ ਭਾਜਪਾ ਨੂੰ ਹਰਾਉਣਾ ਸੰਭਵ ਨਹੀਂ ਹੈ।

ਪੰਜਾਬ ਅਤੇ ਯੂ. ਪੀ. ਸਮੇਤ ਆਮ ਚੋਣਾਂ ਦੇ ਪੀ. ਕੇ. ਦੀ ਭੂਮਿਕਾ ’ਤੇ ਚਰਚਾ
ਮੀਡੀਆ ਰਿਪੋਰਟ ਮੁਤਾਬਕ ਸੂਤਰਾਂ ਨੇ ਕਿਹਾ ਕਿ ਇਹ ਮੀਟਿੰਗ ਪੰਜਾਬ ਅਤੇ ਉੱਤਰ ਪ੍ਰਦੇਸ਼ ਚੋਣਾਂ ਦੇ ਨਾਲ-ਨਾਲ 2014 ਵਿਚ ਹੋਣ ਵਾਲੀਆਂ ਆਮ ਚੋਣਾਂ ਸਬੰਧੀ ਵੀ ਸੀ। ਇਸ ਗੱਲ ਦੇ ਸੰਕੇਤ ਹਨ ਕਿ ਪ੍ਰਸ਼ਾਂਤ ਕਿਸ਼ੋਰ 2024 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਲੜਾਈ ਨੂੰ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਵੱਡਾ ਫ਼ੈਸਲਾ: ਮੈਡੀਕਲ ਕੋਟੇ ’ਚ OBC ਨੂੰ 27 ਫ਼ੀਸਦੀ ਅਤੇ EWS ਨੂੰ ਮਿਲੇਗਾ 10 ਫ਼ੀਸਦੀ ਰਿਜ਼ਰਵੇਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha