'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ

05/06/2023 8:44:12 PM

ਪਾਲਮਪੁਰ- ਜੰਮੂ-ਕਸ਼ਮੀਰ ਦੇ ਰਾਜ਼ੌਰੀ 'ਚ ਸ਼ੁੱਕਰਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲੇ 'ਚ ਭਾਰਤੀ ਫੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਇਸ ਵਿਚ ਉੱਤਰਾਖੰਡ ਨਿਵਾਸੀ ਰੁਚਿਨ ਸਿੰਘ ਰਾਵਤ, ਪੱਛਮੀ ਬੰਗਾਲ ਦੇ ਸਿੰਧਾਂਤ ਖੇਤਰੀ, ਜੰਮੂ-ਕਸ਼ਮੀਰ ਦੇ ਨੀਲਮ ਸਿੰਘ ਅਤੇ ਹਿਮਾਚਲ ਪ੍ਰਦੇਸ਼ ਦੇ ਅਰਵਿੰਦ ਕੁਮਾਰ ਅਤੇ ਪ੍ਰਮੋਦ ਨੇਗੀ ਨੇ ਸ਼ਹਾਦਤ ਦਿੱਤੀ ਸੀ। ਸਿਰਮੌਰ ਜ਼ਿਲ੍ਹਾ ਨਿਵਾਸੀ ਪ੍ਰਮੋਦ ਨੇਗੀ ਕਰੀਬ 6 ਸਾਲ ਪਹਿਲਾਂ ਦੇਸ਼ ਦੀ ਸੇਵਾ ਲਈ ਸਪੈਸ਼ਲ ਫੋਰਸ 'ਚ ਭਰਤੀ ਹੋਏ ਸਨ। ਉਨ੍ਹਾਂ ਦੀ ਤਾਇਨਾਤੀ ਜੰਮੂ-ਕਸ਼ਮੀਰ ਦੇ ਰਾਜ਼ੌਰੀ 'ਚ ਸੀ। ਸ਼ੁੱਕਰਵਾਰ ਨੂੰ ਜਿਵੇਂ ਹੀ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸਿਲਾਈ ਖੇਤਰ 'ਚ ਪਹੁੰਚੀ ਤਾਂ ਪੂਰੇ ਇਲਾਕੇ 'ਚ ਗਮ ਦਾ ਮਾਹੌਲ ਛਾ ਗਿਆ।

ਪ੍ਰਮੋਦ ਨੇਗੀ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਤਾ ਤਾਰਾ ਦੇਵੀ, ਪਿਤਾ ਦੇਵੇਂਦਰ ਨੇਗੀ, ਭੈਣ ਅਤੇ ਛੋਟਾ ਭਰਾ ਹੈ। ਭਰਾ ਵੀ ਫੌਜ 'ਚ ਹੈ। ਪ੍ਰਮੋਦ ਦਾ ਅਜੇ ਵਿਆਹ ਨਹੀਂ ਹੋਇਆ ਸੀ। ਜਦੋਂ ਉਸਦੀ ਪਵਿੱਤਰ ਦੇਹ ਹਿਮਾਚਲ ਪ੍ਰਦੇਸ਼ ਲਈ ਲਿਆਈ ਜਾ ਰਹੀ ਸੀ ਤਾਂ ਸੂਬੇ ਦੀ ਸਰਹੱਦ 'ਤੇ ਸਾਬਕਾ ਫੌਜੀਆਂ ਅਤੇ ਸਥਾਨਕ ਲੋਕਾਂ ਨੇ ਨਮ ਅੱਖਾਂ ਨਾਲ ਵਿਦਾਈ ਦਿੱਤੀ। ਇਸ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੀ ਜੈ, ਜਦੋਂ ਤਕ ਸੂਰਜ ਚਾਂਦ ਰਹੇਗਾ ਪ੍ਰਮੋਦ ਨੇਗੀ ਦਾ ਨਾਮ ਰਹੇਗਾ ਦੇ ਨਾਅਰੇ ਲਗਾਏ।

'ਮੈਂ ਜ਼ਰੂਰੀ ਮਿਸ਼ਨ 'ਤੇ ਜਾ ਰਿਹਾ ਹਾਂ, ਹੋ ਸਕਦਾ ਹੈ 10 ਦਿਨ ਮੋਬਾਇਲ ਬੰਦ ਰਹੇ'

ਮਿਸ਼ਨ 'ਤੇ ਜਾਣ ਤੋਂ ਪਹਿਲਾਂ ਪ੍ਰਮੋਦ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮਾਂ ਮੈਂ ਜ਼ਰੂਰੀ ਮਿਸ਼ਨ 'ਤੇ ਜਾ ਰਿਹਾ ਹਾਂ। ਹੋ ਸਕਦਾ ਹੈ 10 ਦਿਨ ਮੋਬਾਇਲ ਬੰਦ ਰਹੇ। ਚਿੰਤਾ ਨਾ ਕਰਨਾ। ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਵਾਪਸ ਪਰਤਾਂਗਾ। ਉਨ੍ਹਾਂ ਨੇ ਵੀਰਵਾਰ ਰਾਤ ਕਰੀਬ 11 ਵਜੇ ਆਪਣੀ ਮਾਂ ਨਾਲ ਗੱਲ ਕੀਤੀ ਸੀ। ਇਸ ਦੌਰਾਨ ਘਰ ਦਾ ਹਾਲ-ਚਾਲ ਪੁੱਛਿਆ ਸੀ। ਉਸਦੇ ਅਗਲੇ ਦਿਨ ਪਰਿਵਾਰ ਵਾਲਿਆਂ ਨੂੰ 12 ਵਜੇ ਪੁੱਤਰ ਦੀ ਸ਼ਹਾਦਤ ਦੀ ਖ਼ਬਰ ਮਿਲੀ। ਪਰਿਵਾਰ ਅਤੇ ਰਿਸ਼ਤੇਦਾਰ ਵਾਰ-ਵਾਰ ਪ੍ਰਮੋਦ ਦੇ ਆਖ਼ਰੀ ਸ਼ਬਦਾਂ ਨੂੰ ਯਾਦ ਕਰੇਕ ਬੇਸੁੱਧ ਹੋ ਰਹੇ ਹਨ। ਕਿਸੇ ਨੇ ਵੀ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ ਕਿ ਹਾਲ-ਚਾਲ ਪੁੱਛਣ ਦੇ ਕੁਝ ਹੀ ਘੰਟਿਆਂ ਬਾਅਦ ਉਨ੍ਹਾਂ ਨੂੰ ਅਜਿਹੀ ਖ਼ਬਰ ਮਿਲੇਗੀ।

ਕਾਂਗੜਾ ਜ਼ਿਲ੍ਹੇ ਦੇ ਅਰਵਿੰਦ ਕੁਮਾਰ ਨੇ ਵੀ ਦਿੱਤਾ ਦੇਸ਼ ਲਈ ਬਲਿਦਾਨ

ਇਸੇ ਮੁਕਾਬਲੇ 'ਚ ਕਾਂਗੜਾ ਜ਼ਿਲ੍ਹੇ ਦੇ ਅਰਵਿੰਦ ਕੁਮਾਰ ਨੇ ਦੇਸ਼ ਲਈ ਬਲਿਦਾਨ ਦਿੱਤਾ ਹੈ। ਉਨ੍ਹਾਂ ਦੇ ਜੱਦੀ ਪਿੰਡ ਮਰੂੰਹ 'ਚ ਮਾਤਮ ਦਾ ਮਾਹੌਲ ਹੈ। ਐਤਵਾਰ ਸਵੇਰ ਤਕ ਸ਼ਹੀਦ ਦੀ ਪਵਿੱਤਰ ਦੇਹ ਪਿੰਡ ਪਹੁੰਚੇਗੀ। ਖ਼ਰਾਬ ਮੌਸਮ ਦੇ ਚਲਦੇ ਉਦਮਪੁਰ ਤੋਂ ਅਰਵਿੰਦ ਦੀ ਪਵਿੱਤਰ ਦੇਹ ਏਅਰਲਿਫਟ ਨਹੀਂ ਹੋ ਸਕੀ। ਅਜਿਹੇ 'ਚ ਉਧਮਪੁਰ ਤੋਂ ਸੜਕ ਮਾਰਗ ਰਾਹੀਂ ਪਵਿੱਤਰ ਦੇਹ ਰਵਾਨਾ ਕੀਤੀ ਗਈ ਹੈ।

ਅਰਵਿੰਦ ਦੇ ਪਰਿਵਾਰ ਨੇ ਦੱਸਿਆ ਕਿ ਉਹ ਬਚਪਨ ਤੋਂ ਬੇਹੱਦ ਸਾਹਸੀ ਅਤੇ ਪ੍ਰਤੀਭਾਸ਼ਾਲੀ ਸੀ। ਸਾਲ 2010 'ਚ ਪੰਜਾਬ ਰੈਜੀਮੈਂਟ 'ਚ ਭਰਤੀ ਹੋਇਆ ਸੀ। ਉਸਦੇ ਮਹਿਜ ਚੰਦ ਸਾਲਾਂ 'ਚ ਹੀ ਉਸਨੇ ਸਪੈਸ਼ਲ ਫੋਰਸ 'ਚ ਆਪਣੇ ਜਗ੍ਹਾ ਬਣਾ ਲਈ ਸੀ।

ਸ਼ਹੀਦ ਹੋਏ ਜਵਾਨਾਂ ਨੂੰ ਜੰਮੂ-ਕਸ਼ਮੀਰ ਦੇ ਉਪਰਾਜਪਾਲ ਮਨੋਜ ਸਿਨਹਾ ਨੇ ਸ਼ਰਧਾਂਜਲੀ ਅਰਪਿਤ ਕੀਤੀ। ਓਧਰ, ਰਾਜ਼ੌਰੀ 'ਚ ਸ਼ਨੀਵਾਰ ਨੂੰ ਵੀ ਅੱਤਵਾਦੀ ਖਿਲਾਫ ਫੌਜ ਦਾ ਆਪਰੇਸ਼ਨ ਜਾਰੀ ਹੈ। ਇਸ ਵਿਚਕਾਰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਜੰਮੂ-ਕਸ਼ਮੀਰ ਪਹੁੰਚੇ ਹਨ। ਉਹ ਰਾਜ਼ੌਰੀ ਵੀ ਜਾਣਗੇ ਅਤੇ ਪੁੰਛ ਸੈਕਟਰ 'ਚ ਚੱਲ ਰਹੀ ਮੁਹਿੰਮ ਦਾ ਜਾਇਜ਼ਾ ਲੈਣਗੇ। ਨਾਲ ਹੀ ਉਤਰੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਆਪਰੇਸ਼ਨ ਦਾ ਜਾਇਜ਼ਾ ਲੈਣ ਲਈ ਗਰਾਊਂਡ ਜ਼ੀਰੋ 'ਤੇ ਮੌਜੂਦ ਹਨ। ਉਥੇ ਫੌਜੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਅੱਤਵਾਦੀਆਂ ਦੇ ਨਾਲ ਮੁਕਾਬਲੇ ਦੀ ਸ਼ੁਰੂਆਤ ਹੋਈ।

Rakesh

This news is Content Editor Rakesh