ਵਾਰਾਣਸੀ ਦੀਆਂ ਸੜਕਾਂ ''ਤੇ ਲੱਗੇ ਪੀ.ਐੱਮ. ਮੋਦੀ ਦੀ ਗੁੰਮਸ਼ੁਦਗੀ ਦੇ ਪੋਸਟਰ

08/19/2017 11:00:19 AM

ਵਾਰਾਣਸੀ— ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਕੰਧਾਂ 'ਤੇ ਲਾਏ ਗਏ ਹਨ। ਇਸ ਪੋਸਟਰ 'ਚ ਪੀ.ਐੱਮ. ਮੋਦੀ ਦੀ ਤਸਵੀਰ ਲਾਈ ਗਈ ਹੈ। ਨਾਲ ਹੀ ਲਿਖਿਆ ਗਿਆ ਹੈ ਕਿ 'ਜਾਣੇ ਵੋ ਕੌਣ ਸਾ ਦੇਸ਼ ਜਹਾਂ ਤੁਮ ਚੱਲੇ ਗਏ'। ਹਾਲਾਂਕਿ ਇਨ੍ਹਾਂ ਪੋਸਟਰਾਂ 'ਚ ਲਾਉਣ ਵਾਲੇ ਦਾ ਨਾਂ ਨਹੀਂ ਲਿਖਿਆ ਗਿਆ ਹੈ। 
ਪੋਸਟਰ 'ਚ ਅਨਾਊਂਸ ਕੀਤਾ ਗਿਆ ਹੈ ਅਤੇ ਲਿਖਿਆ ਹੈ ਕਿ ਲਾਚਾਰ, ਬੇਬੱਸ ਅਤੇ ਦੁਖੀ ਕਾਸ਼ੀਵਾਸੀ। ਇਨ੍ਹਾਂ ਪੋਸਟਰਾਂ 'ਚ ਇਹ ਵੀ ਲਿਖਿਆ ਗਿਆ ਹੈ ਕਿ ਮੋਦੀ ਦਾ ਪਤਾ ਨਹੀਂ ਲੱਗਣ 'ਤੇ ਮਜ਼ਬੂਰਨ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਨੂੰ ਕਾਸ਼ੀਵਾਸੀ ਮਜ਼ਬੂਰ ਹੋਣਗੇ। ਉੱਥੇ ਹੀ ਇਸ ਪੋਸਟਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਮਹਿਕਮੇ 'ਚ ਹੜਕੰਪ ਮਚ ਗਿਆ ਅਤੇ ਦੇਰ ਰਾਤ ਪੁਲਸ ਨੇ ਇਨ੍ਹਾਂ ਪੋਸਟਰਾਂ ਨੂੰ ਹਟਾ ਦਿੱਤਾ।
ਇਸ ਦੀ ਸੂਚਨਾ ਮਿਲਦੇ ਹੀ ਭਾਜਪਾ ਨੇਤਾਵਾਂ ਨੇ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਨਾਲ ਹੀ ਪੋਸਟਰ ਲਈ ਭਾਜਪਾ ਨੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ 'ਚ ਉਨ੍ਹਾਂ ਦੇ ਲਾਪਤਾ ਹੋਣ ਦੇ ਪੋਸਟਰ ਲਾਏ ਗਏ ਸਨ। ਇਸ ਤੋਂ ਬਾਅਦ ਕਾਂਗਰਸ ਨੇ ਭਾਜਪਾ ਅਤੇ ਆਰ.ਐੱਸ.ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ ਸੀ।