ਮਾਸੂਮਾਂ ਨਾਲ ਰੇਪ ਦਾ ਕਾਰਨ ਹੈ ਪੋਰਨ- ਭਾਜਪਾ ਮੰਤਰੀ

04/24/2018 11:05:06 AM

ਭੋਪਾਲ— ਹਾਲ ਹੀ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਬਲਾਤਕਾਰ ਦੇ ਮਾਮਲਿਆਂ ਨੇ ਬੱਚਿਆਂ ਅਤੇ ਨਾਬਾਲਗਾਂ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਜਿਹੇ 'ਚ ਮੱਧ ਪ੍ਰਦੇਸ਼ ਸਰਕਾਰ ਇਸ ਦੇ ਪਿੱਛੇ ਪੋਰਨ ਅਤੇ ਬਲਿਊ ਫਿਲਮਾਂ ਨੂੰ ਵੱਡਾ ਕਾਰਨ ਮੰਨਦੇ ਹੋਏ ਰਾਜ 'ਚ ਇਸ ਨੂੰ ਬੈਨ ਕਰਨ 'ਤੇ ਵਿਚਾਰ ਕਰ ਰਹੀ ਹੈ। ਮੱਧ ਪ੍ਰਦੇਸ਼ ਸਰਕਾਰ ਦੇ ਗ੍ਰਹਿ ਮੰਤਰੀ ਭੂਪਿੰਦਰ ਸਿੰਘ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਬੱਚਿਆਂ ਨਾਲ ਬਲਾਤਕਾਰ ਅਤੇ ਛੇੜਛਾੜ ਦੇ ਵਧਦੇ ਮਾਮਲਿਆਂ ਦੇ ਪਿੱਛੇ ਦਾ ਕਾਰਨ ਪੋਰਨ ਹੈ।'' ਉਨ੍ਹਾਂ ਨੇ ਅੱਗੇ ਕਿਹਾ,''ਅਸੀਂ ਪੋਰਨ ਨੂੰ ਮੱਧ ਪ੍ਰਦੇਸ਼ 'ਚ ਬੈਨ ਕਰਨ ਲਈ ਵਿਚਾਰ ਕਰ ਰਹੇ ਹਾਂ। ਇਸ ਲਈ ਅਸੀਂ ਕੇਂਦਰ ਦੇ ਸਾਹਮਣੇ ਪ੍ਰਸਤਾਵ ਰੱਖਾਂਗੇ।'' ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਰਜਵਾੜਾ ਇਲਾਕੇ 'ਚ 4 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਅਤੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਨਾਲ ਸਨਸਨੀ ਫੈਲ ਗਈ ਸੀ। ਪੁਲਸ ਨੇ ਮਾਮਲੇ 'ਚ ਬੱਚੀ ਦੇ ਅੰਕਲ ਨੂੰ ਗ੍ਰਿਫਤਾਰ ਕੀਤਾ। ਇਸ ਘਟਨਾ ਦੇ ਖਿਲਾਫ ਪੂਰੇ ਰਾਜ 'ਚ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇੱਥੇ ਤੱਕ ਕਿ ਇੰਦੌਰ ਬਾਰ ਐਸੋਸੀਏਸ਼ਨ ਨੇ ਦੋਸ਼ੀ ਦਾ ਕੇਸ ਨਾ ਲੜਨ ਦਾ ਫੈਸਲਾ ਕੀਤਾ ਸੀ।

ਉੱਥੇ ਹੀ ਸੋਮਵਾਰ ਨੂੰ ਵੀ ਐੱਮ.ਪੀ. ਦੇ ਇੰਦੌਰ ਜ਼ਿਲੇ 'ਚ ਇਕ ਲੜਕੀ ਦੀ ਸਕਰਟ ਖਿੱਚੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ। ਪੀੜਤਾ ਨੇ ਟਵਿੱਟਰ ਹੈਂਡਲ 'ਤੇ ਆਪਣੇ ਪੈਰ 'ਚ ਲੱਗੀ ਸੱਟ ਦੀ ਤਸਵੀਰ ਪਾਉਂਦੇ ਹੋਏ ਲਿਖਿਆ,''2 ਬਾਈਕ ਸਵਾਰ ਲੜਕਿਆਂ ਨੇ ਮੇਰੀ ਸਕੂਟੀ ਦਾ ਪਿੱਛਾ ਕੀਤਾ ਅਤੇ ਸਕਰਟ ਖਿੱਚਦੇ ਹੋਏ ਪੁੱਛਿਆ ਕਿ ਦਿਖਾਓ ਇਸ ਦੇ ਹੇਠਾਂ ਕੀ ਹੈ? ਮੈਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਕੋਸ਼ਿਸ਼ 'ਚ ਮੇਰਾ ਕੰਟਰੋਲ ਗਵਾਚ ਗਿਆ ਅਤੇ ਇਹ ਸੱਟਾਂ ਲੱਗੀਆਂ ਹਨ।'' ਪੁਲਸ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਹਰਿਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ 'ਤੇ ਮਹਿਲਾ ਪੁਲਸ ਥਾਣੇ 'ਚ ਭਾਰਤੀ ਸਜ਼ਾ ਵਿਧਾਨ (ਆਈ.ਪੀ.ਸੀ.) ਦੀ ਧਾਰਾ 354 (ਇਸਤਰੀ ਦੀ ਲੱਜਾ ਭੰਗ ਕਰਨ ਦੀ ਨੀਅਤ ਨਾਲ ਉਸ 'ਤੇ ਹਮਲਾ ਜਾਂ ਅਪਰਾਧਕ ਜ਼ੋਰ ਦੀ ਵਰਤੋਂ) ਦੇ ਅਧੀਨ ਅਣਪਛਾਤੇ ਦੋਸ਼ੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।