ਇੰਟਰਨੈੱਟ ''ਤੇ ਸੁਰਖੀਆਂ ਬਟੋਰ ਰਹੀਆਂ ਨੇ ਇਹ ਦੋ ਮਹਿਲਾ ਚੋਣ ਅਧਿਕਾਰੀ

05/16/2019 1:41:48 PM

ਨਵੀਂ ਦਿੱਲੀ— ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ। ਆਖਰੀ ਗੇੜ ਦੀ ਵੋਟਿੰਗ ਬਾਕੀ ਰਹਿ ਗਈ ਹੈ, ਜੋ ਕਿ 19 ਮਈ ਨੂੰ ਹੋਵੇਗੀ। ਇਕ ਪਾਸੇ ਜਿੱਥੇ ਨੇਤਾ ਆਪਣੀ-ਆਪਣੀ ਜਿੱਤ ਯਕੀਨੀ ਕਰਵਾਉਣ ਨੂੰ ਲੈ ਕੇ ਦਿਨ-ਰਾਤ ਇਕ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਕਿਸਮਤ ਨੂੰ ਈ. ਵੀ. ਐੱਮ. 'ਚ ਬੰਦ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੀਆਂ ਦੋ ਮਹਿਲਾ ਚੋਣ ਅਧਿਕਾਰੀ ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਇਨ੍ਹਾਂ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਹਰ ਪਾਸੇ ਚਰਚਾ ਹੈ। ਸੋਸ਼ਲ ਮੀਡੀਆ 'ਤੇ ਨੀਲੀ ਅਤੇ ਪੀਲੀ ਡਰੈੱਸ ਪਹਿਨੇ ਇਨ੍ਹਾਂ ਦੋਹਾਂ ਮਹਿਲਾ ਚੋਣ ਅਧਿਕਾਰੀ ਨੂੰ ਵੱਡੀ ਗਿਣਤੀ 'ਚ ਫਰੈਂਡ ਰਿਕਵੈਸਟਸ ਆ ਰਹੀਆਂ ਹਨ। ਬਸ ਇੰਨਾ ਹੀ ਨਹੀਂ ਦੋਹਾਂ ਦਾ ਇੰਟਰਵਿਊ ਲੈਣ ਲਈ ਉਨ੍ਹਾਂ ਦੇ ਘਰ 'ਤੇ ਮੀਡੀਆ ਦੇ ਲੋਕ ਪਹੁੰਚ ਰਹੇ ਹਨ। ਦਰਅਸਲ ਈ. ਵੀ. ਐੱਮ. ਨੂੰ ਲੈ ਕੇ ਜਾਂਦੇ ਹੋਏ ਦੋਹਾਂ ਚੋਣ ਅਧਿਕਾਰੀ ਦੀ ਤਸਵੀਰ ਨੂੰ ਉਨ੍ਹਾਂ ਦੇ ਸਹਿਕਰਮੀ ਨੇ ਖਿੱਚਿਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਜਿਸ ਤੋਂ ਤੁਰੰਤ ਬਾਅਦ ਹੀ ਇੰਟਰਨੈੱਟ 'ਤੇ ਉਨ੍ਹਾਂ ਨਾਲ ਸੰਪਰਕ ਕਰਨ ਵਾਲਿਆਂ ਦਾ ਮੰਨੋ ਹੜ੍ਹ ਜਿਹਾ ਆ ਗਿਆ।


ਆਓ ਜਾਣਦੇ ਹਾਂ ਇਨ੍ਹਾਂ ਦੋਹਾਂ ਮਹਿਲਾਵਾਂ ਬਾਰੇ—
ਇਨ੍ਹਾਂ ਵਿਚ ਇਕ ਰੀਨਾ ਦ੍ਰਿਵੇਦੀ ਹੈ, ਜਿਨ੍ਹਾਂ ਦੀ ਡਿਊਟੀ ਲਖਨਊ ਦੇ ਇਕ ਵੋਟਿੰਗ ਕੇਂਦਰ ਵਿਚ ਲੱਗੀ ਸੀ। ਈ. ਵੀ. ਐੱਮ. ਲੈ ਕੇ ਜਾਂਦੇ ਹੋਏ ਉਨ੍ਹਾਂ ਦੀ ਤਸਵੀਰ ਨੂੰ ਸਹਿਕਰਮੀ ਨੇ ਖਿੱਚਿਆ ਸੀ। ਦੂਜੇ ਪਾਸੇ ਭੋਪਾਲ ਦੀ ਯੋਗੇਸ਼ਵਰੀ ਗੋਹਿਟੇ ਨਾਲ ਵੀ ਕੁਝ ਅਜਿਹਾ ਹੀ ਹੋਇਆ। ਵੋਟਿੰਗ ਵਾਲੇ ਦਿਨ ਈ. ਵੀ. ਐੱਮ. ਲੈ ਕੇ ਜਾਂਦੇ ਹੋਏ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕੀ ਪਹੁੰਚੀ, ਉਨ੍ਹਾਂ ਦੇ ਫੈਨਜ਼ ਦੀ ਤਦਾਦ ਇਸ ਕਦਰ ਵਧ ਗਈ ਕਿ ਉਨ੍ਹਾਂ ਨੂੰ ਹਰ ਇਕ ਪਲ 'ਚ ਫਰੈਂਡ ਰਿਕਵੈਸਟ ਮਿਲ ਰਹੀ ਹੈ।



ਕੀ ਕਹਿਣਾ ਹੈ ਰੀਨਾ ਦ੍ਰਿਵੇਦੀ ਦਾ—
ਆਪਣੀ ਇਸ ਪ੍ਰਸਿੱਧੀ ਬਾਰੇ ਰੀਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਹਨ। ਉਹ ਹਰ ਪਲ ਨੂੰ ਪੂਰੀ ਤਰ੍ਹਾਂ ਨਾਲ ਆਨੰਦ ਮਾਣ ਰਹੀ ਹੈ। 32 ਸਾਲਾ ਰੀਨਾ ਯੂ. ਪੀ. ਸਟੇਟ ਵਿਚ ਜੂਨੀਅਰ ਅਸਿਸਟੈਂਟ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਸਮੇਂ ਤੋਂ ਥੋੜ੍ਹਾ ਜਲਦੀ ਹੋ ਗਿਆ ਸੀ ਪਰ ਉਸ ਨੇ ਆਪਣੀ ਮਰਜ਼ੀ ਨਾਲ ਇਹ ਕਰੀਅਰ ਚੁਣਿਆ। ਰੀਨਾ ਕਹਿੰਦੀ ਹੈ ਕਿ ਸਭ ਤੋਂ ਚੰਗੀ ਪ੍ਰਤੀਕਿਰਿਆ ਉਸ ਦੇ ਬੇਟੇ ਆਦਿਤ ਤੋਂ ਮਿਲੀ, ਜੋ ਕਿ 9ਵੀਂ ਜਮਾਤ ਵਿਚ ਪੜ੍ਹਦਾ ਹੈ। ਉਹ ਆਪਣੇ ਦੋਸਤਾਂ ਨੂੰ ਵੀਡੀਓ ਕਾਲ ਕਰ ਕੇ ਕਹਿੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਪੀਲੀ ਸਾੜ੍ਹੀ ਪਹਿਨੇ ਜੋ ਮਹਿਲਾ ਇਨ੍ਹੀਂ ਦਿਨੀਂ ਛਾਈ ਹੋਈ ਹੈ, ਉਹ ਮੇਰੀ ਮਾਂ ਹੈ। ਰੀਨਾ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਉਨ੍ਹਾਂ ਦੀ ਡਿਊਟੀ ਚੋਣਾਂ 'ਚ ਲੱਗੀ ਹੈ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਖਨਊ ਦੇ ਕਈ ਵੋਟਿੰਗ ਕੇਂਦਰ 'ਚ ਆਪਣੀ ਸੇਵਾਵਾਂ ਦੇ ਚੁੱਕੀ ਹੈ। 



ਯੋਗੇਸ਼ਵਰੀ ਗੋਹਿਟੇ ਨੇ ਵੀ ਲੋਕਾਂ ਦਾ ਖਿੱਚਿਆ ਧਿਆਨ—
ਯੋਗੇਸ਼ਵਰੀ ਦੀ ਡਿਊਟੀ ਭੋਪਾਲ ਦੇ ਗੋਵਿੰਦਪੁਰਾ ਵੋਟਿੰਗ ਕੇਂਦਰ 'ਚ ਲੱਗੀ। ਵੋਟਿੰਗ ਕੇਂਦਰ ਪਹੁੰਚਦੇ ਹੀ ਨਿਊਜ਼ ਫੋਟੋਗ੍ਰਾਫਰ ਨੇ ਆਪਣਾ ਕੈਮਰਾ ਉਨ੍ਹਾਂ ਵੱਲ ਕਰ ਦਿੱਤਾ। ਦੁਪਹਿਰ ਹੁੰਦੇ-ਹੁੰਦੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਸੀ। ਮੀਡੀਆ ਕਰਮਚਾਰੀਆਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਉਹ ਇਸ ਸਮੇਂ ਡਿਊਟੀ 'ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਗੱਲ ਤੋਂ ਕਾਫੀ ਹੈਰਾਨ ਹੈ ਕਿ ਉਹ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ। 

Tanu

This news is Content Editor Tanu