ਤੇਲੰਗਾਨਾ ਦੇ ਸੀ.ਐੱਮ. ਦੇ ਫਾਰਮ ਹਾਊਸ 'ਚ ਪੁਲਸ ਕਰਮੀ ਨੇ ਖੁਦ ਨੂੰ ਮਾਰੀ ਗੋਲੀ

10/16/2019 7:16:13 PM

ਹੈਦਰਾਬਾਦ — ਤੇਲੰਗਾਨਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਫਾਰਮ ਹਾਊਸ 'ਚ ਤਾਇਨਾਤ ਪੁਲਸ ਦੇ ਇਕ ਹੈੱਡ ਕਾਨਸਟੇਬਲ ਨੇ ਬੁੱਧਵਾਰ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਘਟਨਾ ਸਿੱਧੀਪੇਟ ਜ਼ਿਲੇ ਦੀ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਫਾਰਮ ਹਾਊਸ 'ਚ ਇੰਚਾਰਜ ਸੁਰੱਖਿਆ ਗਾਰਡਾ ਦੇ ਰੂਪ 'ਚ ਤਾਇਨਾਤ 38 ਸਾਲਾ ਏ. ਵੈਂਕਟੇਸ਼ਵਰਲੂ ਨੇ ਸਵੇਰੇ ਕਰੀਬ ਸਾਢੇ 10 ਵਜੇ ਗਾਰਡ ਰੈਸਟ ਰੂਮ 'ਚ 9ਐੱਮ.ਐੱਮ. ਦੀ ਆਪਣੀ ਸਰਵਿਸ ਰਿਵਾਲਰ ਨਾਲ ਆਪਣੇ ਸਿਰ ਦੇ ਸੱਜੇ ਪਾਸੇ ਗੋਲੀ ਮਾਰ ਲਈ। ਸਿੱਧੀਪੇਟ ਦੇ ਪੁਲਸ ਕਮਿਸ਼ਨਰ ਜੋਇਲ ਡੇਵਿਸ ਨੇ ਦੱਸਿਆ ਕਿ ਵੈਂਕਟੇਸ਼ਵਰਲੂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡੇਵਿਸ ਨੇ ਕਿਹਾ ਕਿ ਹੈੱਡ ਕਾਨਸਟੇਬਲ ਨੇ ਵਿਅਕਤੀਗਤ ਕਾਰਨਾਂ ਕਰਕੇ ਆਤਮ ਹੱਤਿਆ ਕੀਤੀ।
ਉਨ੍ਹਾਂ ਦੱਸਿਆ ਕਿ ਵੈਂਕਟੇਸ਼ਵਰਲੂ ਨੂੰ ਸ਼ਰਾਬ ਦੀ ਆਦਤ ਸੀ ਅਤੇ ਉਸ ਦਾ ਨਸ਼ਾ ਛਡਾਓ ਇਲਾਜ ਕਰਵਾਇਆ ਗਿਆ ਸੀ। ਉਹ 29 ਸਤੰਬਰ ਨੂੰ ਹੀ ਡਿਊਟੀ ਤੋਂ ਪਰਤਿਆ ਸੀ। ਡੇਵਿਸ ਨੇ ਕਿਹਾ ਕਿ ਹੈੱਡ ਕਾਨਸਟੇਬਲ ਪਿਛਲੇ ਦੋ ਦਿਨਾਂ ਤੋਂ ਅਣਅਧਿਕਾਰਤ ਛੁੱਟੀ 'ਤੇ ਸੀ ਅਤੇ ਉਸ ਦੀ ਪਤਨੀ ਦੀ ਅਪੀਲ 'ਤੇ ਡਿਊਟੀ ਅਧਿਕਾਰੀ ਨੇ ਉਸ ਨੂੰ ਵਾਪਸ ਡਿਊਟੀ 'ਤੇ ਰੱਖਿਆ ਸੀ। ਸੀ.ਐੱਮ. ਚੰਦਰਸ਼ੇਖਰ ਦਾ ਫਾਰਮ ਹਾਊਸ ਐਰਾਵੱਲੀ 'ਚ ਸਥਿਤ ਹੈ।

Inder Prajapati

This news is Content Editor Inder Prajapati