ਇਕ ਅਜਿਹਾ ਥਾਣਾ ਜਿੱਥੇ ਜੇਲ੍ਹ ਹੀ ਨਹੀਂ ਹੈ

07/12/2020 4:20:24 PM

ਬਾੜਮੇਰ (ਵਾਰਤਾ)— ਆਮ ਤੌਰ 'ਤੇ ਅਪਰਾਧੀਆਂ ਵਿਚ ਪੁਲਸ ਦਾ ਖ਼ੌਫ਼ ਇਸ ਲਈ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਨੂੰ ਪੁਲਸ ਜੇਲ੍ਹ ਵਿਚ ਬੰਦ ਨਾ ਕਰ ਦੇਵੇ ਪਰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ ਬੀਬੀਆਂ ਦੇ ਥਾਣੇ 'ਚ ਹਵਾਲਾਤ ਯਾਨੀ ਕਿ ਜੇਲ੍ਹ ਹੀ ਨਹੀਂ ਹੈ। ਪੱਛਮੀ ਰਾਜਸਥਾਨ ਵਿਚ ਸਰਹੱਦੀ ਬਾੜਮੇਰ ਜ਼ਿਲ੍ਹੇ ਦੇ ਬੀਬੀਆਂ ਦੇ ਥਾਣੇ 'ਚ ਰੋਜ਼ਾਨਾ ਸੈਂਕੜੇ ਸ਼ਿਕਾਇਤਾਂ ਆਉਂਦੀਆਂ ਹਨ ਅਤੇ ਦਰਜਨਾਂ ਕੇਸ ਦਰਜ ਹਨ ਪਰ ਇਸ 'ਚ ਜੇਲ੍ਹ ਨਹੀਂ ਹੈ, ਜਿੱਥੇ ਮੁਲਜ਼ਮ ਨੂੰ ਰੱਖਿਆ ਜਾ ਸਕੇ। ਥਾਣੇ ਵਿਚ ਬਦਲਵੀਂ ਵਿਵਸਥਾ ਦੇ ਤੌਰ 'ਤੇ ਅਪਰਾਧੀਆਂ ਨੂੰ 4 ਕਿਲੋਮੀਟਰ ਦੂਰ ਸ਼ਹਿਰ ਕੋਤਵਾਲੀ ਦੀ ਜੇਲ੍ਹ ਵਿਚ ਰੱਖਿਆ ਜਾਂਦਾ ਹੈ। ਥਾਣਾ ਅਜੇ ਉਧਾਰੀ ਦੇ ਭਵਨ 'ਚ ਚੱਲ ਰਿਹਾ ਹੈ। ਮਹਿਕਮਾ ਅਜੇ ਤੱਕ ਬੀਬੀਆਂ ਦੇ ਥਾਣੇ ਦਾ ਨਿਰਮਾਣ ਨਹੀਂ ਕਰਵਾ ਸਕਿਆ ਹੈ। 

ਜਾਣਕਾਰੀ ਮੁਤਾਬਕ ਪਿਛਲੇ 8 ਸਾਲ ਪਹਿਲਾਂ ਸ਼ੁਰੂ ਹੋਏ ਇਸ ਥਾਣੇ 'ਚ ਹੁਣ ਤੱਕ ਹਵਾਲਾਤ ਨਹੀਂ ਹੈ। ਇਸ ਥਾਣੇ ਦਾ ਸੰਚਾਲਨ ਸਾਲ 2012 ਵਿਚ ਸ਼ੁਰੂ ਹੋਇਆ ਸੀ ਅਤੇ ਉਦੋਂ ਉਸ ਵੇਲੇ ਦੇ ਜ਼ਿਲ੍ਹਾ ਕਲੈਕਟਰ ਨੇ ਪੁਰਾਣੇ ਟਰਾਂਸਪੋਰਟ ਮਹਿਕਮੇ ਦੇ ਦਫ਼ਤਰ ਵਿਚ ਥਾਣੇ ਦੇ ਸੰਚਾਲਨ ਦੀ ਆਗਿਆ ਸੀ। ਇਸ ਤੋਂ ਬਾਅਦ ਇਹ ਥਾਣਾ ਇੱਥੋਂ ਹੀ ਚੱਲ ਰਿਹਾ ਹੈ। ਬੀਬੀਆਂ ਦੇ ਇਸ ਥਾਣੇ ਦੇ ਅਪਰਾਧੀਆਂ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਸਥਿਤ ਹੋਰ ਥਾਵਾਂ ਦੀ ਜੇਲ੍ਹ ਵਿਚ ਰੱਖਿਆ ਜਾਂਦਾ ਹੈ। ਮਹਿਲਾ ਥਾਣਾ ਅਧਿਕਾਰੀ ਲਤਾ ਬੇਗੜ ਨੇ ਦੱਸਿਆ ਕਿ ਜੇਲ੍ਹ ਨਾ ਹੋਣ ਕਰ ਕੇ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੀ ਹੈ। ਇਸ ਨੂੰ ਲੈ ਕੇ ਸਮੇਂ-ਸਮੇਂ 'ਤੇ ਸਾਡੇ ਅਧਿਕਾਰੀਆਂ ਨੇ ਪ੍ਰਸ਼ਾਸਨ ਨੂੰ ਚਿੱਠੀ ਵੀ ਲਿਖੀ ਹੈ। ਹਾਲਾਂਕਿ ਇਸ ਨੂੰ ਲੈ ਕੇ ਥਾਣੇ ਲਈ ਥਾਂ ਨਿਸ਼ਾਨਬੱਧ ਹੋ ਚੁੱਕੀ ਹੈ। ਉੱਥੇ ਹੀ ਬਾੜਮੇਰ ਪੁਲਸ ਅਧਿਕਾਰੀ ਆਨੰਦ ਸ਼ਰਮਾ ਨੇ ਦੱਸਿਆ ਕਿ ਇਸ ਥਾਣੇ ਵਿਚ ਬਦਲਵੀਂ ਜੇਲ ਬਣਾਈ ਗਈ ਹੈ, ਜੇਕਰ ਕੋਈ ਬਦਨਾਮ ਅਪਰਾਧੀ ਹੁੰਦਾ ਹੈ ਤਾਂ ਉਸ ਨੂੰ ਕੋਤਵਾਲੀ 'ਚ ਰੱਖਿਆ ਜਾਂਦਾ ਹੈ। ਨਵਾਂ ਥਾਣਾ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।


Tanu

Content Editor

Related News