ਪੁਲਸ ਕਰਮਚਾਰੀ ਦੇ ਕਤਲ ਦੇ ਦੋਸ਼ ''ਚ 6 ਗ੍ਰਿਫਤਾਰ

03/17/2018 7:23:20 PM

ਸ਼੍ਰੀਨਗਰ— ਮੱਧ ਕਸ਼ਮੀਰ ਦੇ ਬਡਗਾਮ ਜ਼ਿਲੇ 'ਚ ਚਰਾਰ-ਏ-ਸ਼ਰੀਫ ਦਰਗਾਹ ਨੇੜੇ ਤਾਇਨਾਤ ਇਕ ਪੁਲਸ ਕਰਮਚਾਰੀ ਦੇ ਪਿਛਲੇ ਮਹੀਨੇ ਕਤਲ ਮਾਮਲੇ 'ਚ ਅੱਜ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੇ ਇਕ ਸਮੂਹ ਨੇ 25 ਫਰਵਰੀ ਨੂੰ ਕਾਂਸਟੇਬਲ ਕੁਲਤਾਰ ਸਿੰਘ 'ਤੇ ਗੋਲੀਆਂ ਚਲਾਈਆਂ ਸਨ, ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਅਤੇ ਅਜੇ ਤਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਉਮਰ ਫਾਰੂਕ ਸਮੇਤ ਉਸ ਦੇ 6 ਸਾਥੀਆਂ-ਸ਼ਾਹਿਦ ਅਹਿਮਦ, ਸ਼ਾਹਿਦ ਖੁਰਸ਼ੀਦ, ਇਮਰਾਨ, ਫਿਰੋਜ਼, ਮੁਦਾਸਿਰ ਅਹਿਮਦ ਵਾਣੀ ਅਤੇ ਤੌਹਦ ਰਥਰ ਨੇ ਦਰਗਾਹ ਦੇ ਬਾਹਰ ਤਾਇਨਾਤ ਮੁਲਾਜ਼ਮ ਤੋਂ ਹਥਿਆਰ ਖੋਹਣ ਦੀ ਅਪਰਾਧਿਕ ਸਾਜਿਸ਼ ਰਚੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ। 
ਉਨ੍ਹਾਂ ਨੇ ਦੱਸਿਆ ਕਿ ਜਾਂਚ ਦੌਰਾਨ ਸਬੂਤ ਹਾਸਲ ਕਰਦੇ ਹੋਏ ਪੁਲਸ ਨੇ ਘਟਨਾ 'ਚ ਇਸਤੇਮਾਲ ਕੀਤੇ ਗਏ ਵਾਹਨ ਨੂੰ ਜ਼ਬਤ ਕੀਤਾ। ਜਾਂਚ 'ਚ ਸਾਰੇ ਦੋਸ਼ੀਆਂ ਦਾ ਸਾਜਿਸ਼ 'ਚ ਸ਼ਾਮਲ ਹੋਣਾ ਅਤੇ ਘਟਨਾ ਨੂੰ ਅੰਜਾਮ ਦੇਣ ਖਿਲਾਫ ਸਬੂਤ ਮਿਲੇ। ਬੁਲਾਰੇ ਨੇ ਦੱਸਿਆ ਕਿ ਸ਼ਾਹਿਦ ਅਹਿਮਦ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ 'ਚ ਖੁਲ੍ਹਾਸਾ ਹੋਇਆ ਹੈ ਕਿ ਸ਼ਾਹਿਦ ਅਹਿਮਦ ਜੈਸ਼-ਏ-ਮੁਹੰਮਦ ਸੰਗਠਨ 'ਚ ਸ਼ਾਮਲ ਹੋ ਗਿਆ ਹੈ ਅਤੇ ਆਜ਼ਾਦ ਘੁੰਮ ਰਿਹਾ ਹੈ।