ਦਿੱਲੀ ਹਿੰਸਾ 'ਚ ਪੁਲਸ ਮੁਲਾਜ਼ਮ ਦੀ ਮੌਤ, ਗ੍ਰਹਿ ਮੰਤਰੀ ਨੇ ਬੁਲਾਈ ਮੀਟਿੰਗ

02/24/2020 7:22:26 PM

ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਸੋਮਵਾਰ ਨੂੰ ਹਿੰਸਾ ਅਤੇ ਪੱਥਰਬਾਜ਼ੀ ਹੋਈ। ਇਸ ਹਿੰਸਾ ਦੌਰਾਨ ਦਿੱਲੀ ਪੁਲਸ ਦੇ ਇਕ ਅਧਿਕਾਰੀ ਦੀ ਮੌਤ ਹੋ ਗਈ। ਉਥੇ ਹੀ ਦਿੱਲੀ ਹਿੰਸਾ 'ਤੇ ਗ੍ਰਹਿ ਮੰਤਰਾਲੇ ਨੇ ਬਿਆਨ ਕੀਤਾ ਹੈ। ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਕਿਹਾ ਕਿ ਦਿੱਲੀ 'ਚ ਹਾਲਾਤ ਕਾਬੂ ਹਨ। ਮੌਕੇ 'ਤੇ ਸੁਰੱਖਿਆ ਬਲ ਤਾਇਨਾਤ  ਕੀਤੇ ਗਏ ਹਨ।


ਉੱਤਰ-ਪੂਰਬੀ ਦਿੱਲੀ ਦੇ ਜਾਫਰਾਬਾਦ ਅਤੇ ਮੌਜਪੁਰ ਇਲਾਕੇ 'ਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਹੋਈ ਹਿੰਸਾ 'ਚ ਇਕ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਡਿਪਟੀ ਪੁਲਸ ਕਮਿਸ਼ਨਰ ਜ਼ਖਮੀ ਹੋ ਗਏ। ਸੀ. ਏ. ਏ ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਇਕ ਦੁਸਰੇ 'ਤੇ ਪੱਥਰਬਾਜ਼ੀ ਕੀਤੀ ਅਤੇ ਫਿਰ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਚਾਂਦਬਾਗ ਅਤੇ ਭਜਨਪੁਰਾ ਇਲਾਕੇ 'ਚ ਵੀ ਸੀ.ਏ.ਏ. ਵਿਰੋਧੀਆਂ ਅਤੇ ਸਮਰਥਕਾਂ ਵਿਚਾਲੇ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਇਲਾਕਿਆਂ 'ਚ ਹਿੰਸਾ ਦਾ ਇਹ ਦੁਸਰਾ ਦਿਨ ਹੈ। ਅੱਜ ਸ਼ਾਮ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਵੀਂ ਦਿੱਲੀ ਆ ਰਹੇ ਹਨ।

ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਅਥਰੂ ਗੈਸ ਛੱਡੀ ਤੇ ਲਾਠੀਚਾਰਜ ਵੀ ਕੀਤਾ। ਇਸ ਦੌਰਾਨ ਗੋਕਲਪੁਰੀ ਦੇ ਸਹਾਇਕ ਕਮਿਸ਼ਨਰ ਪੁਲਸ ਦੇ ਦਫਤਰ ਨਾਲ ਜੁੜੇ ਹੈੱਡ ਕਾਂਸਟੇਬਲ ਰਤਨ ਲਾਲ ਦੀ ਮੌਤ ਹੋ ਗਈ ਜਦਕਿ ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪੁਲਸ (ਡੀ.ਸੀ.ਪੀ.) ਅਮਿਤ ਸ਼ਰਮਾ ਸਮੇਤ ਹੋਰ ਪੁਲਸ ਮੁਲਾਜ਼ਮ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਦੌਰਾਨ ਜ਼ਖਮੀ ਹੋ ਗਏ। ਪੁਲਸ ਨੇ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਮੌਜਪੁਰ 'ਚ ਕਾਫੀ ਪੱਥਰਬਾਜ਼ੀ ਹੋਈ ਜਦਕਿ ਜਾਫਰਾਬਾਦ 'ਚ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ 'ਚ ਕਰਨ ਲਈ ਲਾਠੀਚਾਰਜ ਕੀਤਾ।

KamalJeet Singh

This news is Content Editor KamalJeet Singh