ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ਨੂੰ ਸਵੀਕਾਰ ਕਰਨ ਸਬੰਧੀ POK ਕਰ ਰਿਹਾ ਪੜਤਾਲ

04/04/2023 9:00:32 PM

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੀ ਸਰਕਾਰ ਨੇ ਕਸ਼ਮੀਰ ਦੇ 2 ਹਿੱਸਿਆਂ ਨੂੰ ਜੋੜਨ ਲਈ ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਦੀ ਮੰਗ ਕਰਨ ਵਾਲੇ ਇਕ ਪ੍ਰਸਤਾਵ ਨੂੰ ਖੇਤਰ ਦੀ ਵਿਧਾਨ ਸਭਾ 'ਚ ਸਵੀਕਾਰ ਕਰਨ ਦੇ ਸਿਲਸਿਲੇ 'ਚ ਤੱਥਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਐਕਸਪ੍ਰੈੱਸ ਟ੍ਰਿਬਿਊਨ ਅਖ਼ਬਾਰ ਨੇ ਮੰਗਲਵਾਰ ਨੂੰ ਰਿਪੋਰਟ ਕੀਤੀ ਕਿ ਪੀਓਕੇ ਦੇ ਪ੍ਰਧਾਨ ਮੰਤਰੀ ਤਨਵੀਰ ਇਲਿਆਸ ਖਾਨ ਨੇ ਹੁਰੀਅਤ ਨੇਤਾਵਾਂ ਦੇ ਸਨਮਾਨ ਵਿੱਚ ਦਿੱਤੇ ਇਕ ਰਾਤ ਦੇ ਖਾਣੇ ਦੌਰਾਨ ਦਿੱਤੇ ਭਾਸ਼ਣ 'ਚ ਇਹ ਯੋਜਨਾ ਸਾਂਝੀ ਕੀਤੀ।

ਇਹ ਵੀ ਪੜ੍ਹੋ : NATO 'ਚ ਸ਼ਾਮਲ ਹੋਇਆ ਰੂਸ ਦਾ ਸਭ ਤੋਂ ਕਰੀਬੀ ਦੇਸ਼, ਮਾਸਕੋ ਨੇ ਦਿੱਤੀ ਇਹ ਚਿਤਾਵਨੀ

ਖਾਨ ਨੇ ਵਿਧਾਨ ਸਭਾ 'ਚ ਪੇਸ਼ ਕੀਤੇ ਮਤੇ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਸ ਸਬੰਧੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਨੂੰ ਜਨਤਕ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਕਰਤਾਰਪੁਰ ਲਾਂਘਾ 2019 ਵਿਚ ਸ਼ੁਰੂ ਹੋਇਆ, ਜੋ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜਦਾ ਹੈ। ਇਹ 4 ਕਿਲੋਮੀਟਰ ਲੰਬਾ ਕੋਰੀਡੋਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਆਵਾਜਾਈ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : ਭੂਟਾਨ ਦੇ ਰਾਜਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਡੋਕਲਾਮ ਸਮੇਤ ਇਨ੍ਹਾਂ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਮਹੀਨੇ ਜੰਮੂ-ਕਸ਼ਮੀਰ ਦੇ ਕਰਨਾਹ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਮਾਤਾ ਸ਼ਾਰਦਾ ਦੇਵੀ ਮੰਦਰ ਦਾ ਡਿਜੀਟਲ ਰੂਪ ਵਿੱਚ ਉਦਘਾਟਨ ਕੀਤਾ ਸੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਸੀ ਕਿ ਮਾਤਾ ਸ਼ਾਰਦਾ ਦੇਵੀ ਦੇ ਆਸ਼ੀਰਵਾਦ ਅਤੇ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਦੇ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਮੰਦਰ ਦਾ ਉਦਘਾਟਨ ਸੰਭਵ ਹੋਇਆ ਹੈ। ਕਰਤਾਰਪੁਰ ਲਾਂਘੇ ਦੀ ਤਰਜ਼ 'ਤੇ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਸ਼ਾਰਦਾ ਪੀਠ ਨੂੰ ਖੋਲ੍ਹਣ ਦੀ ਮੰਗ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਕਿਹਾ ਸੀ ਕਿ ਕੇਂਦਰ ਇਸ 'ਤੇ ਯਕੀਨੀ ਤੌਰ 'ਤੇ ਯਤਨ ਕਰੇਗਾ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh