PMO ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੇ ਆਮਦਨ ਟੈਕਸ ਰਿਫੰਡ ਦਾ ਨਹੀਂ ਕੋਈ ਰਿਕਾਰਡ

05/27/2019 3:03:18 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਦਫਤਰ(PMO) ਕੋਲ ਸਾਬਕਾ ਪ੍ਰਧਾਨ ਮੰਤਰੀਆਂ ਦੇ ਆਮਦਨ ਟੈਕਸ ਰਿਫੰਡ ਦਾ ਕੋਈ ਰਿਕਾਰਡ ਨਹੀਂ ਹੈ। ਸੂਚਨਾ ਦਾ ਅਧਿਕਾਰ(RTI) ਦੇ ਤਹਿਤ ਮੰਗੀ ਗਈ ਜਾਣਕਾਰੀ 'ਚ ਇਹ ਤੱਥ ਸਾਹਮਣੇ ਆਇਆ ਹੈ। PMO ਨੇ ਪੀ.ਟੀ.ਆਈ. ਵਲੋਂ ਦਾਇਰ  RTI ਅਰਜ਼ੀ ਦੇ ਜਵਾਬ ਵਿਚ ਕਿਹਾ, ',ਸਾਬਕਾ ਪ੍ਰਧਾਨ ਮੰਤਰੀਆਂ ਨਾਲ ਸੰਬੰਧਿਤ ਰਿਕਾਰਡ ਦਫਤਰ ਕੋਲ ਉਪਲੱਬਧ ਨਹੀਂ ਹਨ।' RTI ਦੇ ਤਹਿਤ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਮਿਲੇ ਆਮਦਨ ਟੈਕਸ ਰਿਫੰਡ ਦੀ ਜਾਣਕਾਰੀ ਮੰਗੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਮਦਨ ਟੈਕਸ ਰਿਫੰਡ ਦੇ ਸਵਾਲ 'ਤੇ PMO ਨੇ ਵੇਰਵੇ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਇਸ ਦੀ ਸੂਚਨਾ ਦੇਣ ਦੀ ਜ਼ਰੂਰਤ ਨਹੀਂ ਹੈ। PMO ਨੇ ਕਿਹਾ,'ਜਿਹੜੀ ਸੂਚਨਾ ਮੰਗੀ ਗਈ ਹੈ ਉਹ ਨਿੱਜੀ ਸੁਭਾਅ ਦੀ ਹੈ ਅਤੇ RTI ਕਾਨੂੰਨ ਦੀ ਧਾਰਾ 8(1)(ਆਈ) ਦੇ ਤਹਿਤ ਇਸ ਤੋਂ ਛੋਟ ਹੈ।'

ਇਹ ਧਾਰਾ ਅਜਿਹੀ ਵਿਅਕਤੀਗਤ ਸੂਚਨਾ ਦੇ ਖੁਲਾਸੇ ਨੂੰ ਰੋਕਦੀ ਹੈ ਜਿਸਦਾ ਕਿ ਜਨਤਕ ਹਿੱਤ ਜਾਂ ਗਤੀਵਿਧੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵਿਅਕਤੀ ਦੀ ਗੁਪਤਤਾ ਦਾ ਬਿਨਾਂ ਕਾਰਨ ਦਖਲ ਹੋਵੇਗਾ। ਹਾਲਾਂਕਿ ਕੇਂਦਰੀ ਜਨਤਕ ਸੂਚਨਾ ਅਧਿਕਾਰੀ ਜਾਂ ਸੂਬਾ ਜਨਤਕ ਸੂਚਨਾ ਅਧਿਕਾਰੀ ਜਾਂ ਅਪੀਲ ਅਥਾਰਟੀ ਨੂੰ ਜੇਕਰ ਕਿਸੇ ਮਾਮਲੇ ਵਿਚ ਲਗਦਾ ਹੈ ਕਿ ਵੱਡੀ ਜਨਤਕ ਦਿਲਚਸਪੀ 'ਚ ਇਸ ਤਰ੍ਹਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਧਾਰਾ ਅੱਗੇ ਇਹ ਵੀ ਕਹਿੰਦੀ ਹੈ ਕਿ ਜੇਕਰ ਕੋਈ ਸੂਚਨਾ ਸੰਸਦ ਜਾਂ ਸੂਬਿਆਂ ਦੀ ਵਿਧਾਨ ਸਭਾ ਨੂੰ ਦਿੱਤੀ ਜਾਣੀ ਚਾਹੀਦੀ ਹੈ ਤਾਂ ਇਸ ਨੂੰ ਕਿਸੇ ਵਿਅਕਤੀ ਨੂੰ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

NSDL ਈ-ਗਵਰਨੈਂਸ ਇਨਫਰਾਸਟਰੱਕਚਰ ਲਿਮਟਿਡ ਦੁਆਰਾ ਪ੍ਰਬੰਧਿਤ ਇਨਕਮ ਟੈਕਸ ਵਿਭਾਗ ਦੇ ਟੈਕਸ ਸੂਚਨਾ ਨੈੱਟਵਰਕ ਵਲੋਂ ਰਿਫੰਡ ਦੇ ਬਾਰੇ 'ਚ ਉਪਲੱਬਧ ਕਰਵਾਈ ਗਈ ਸੂਚਨਾ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ 18 ਸਾਲ 'ਚ ਘੱਟੋ-ਘੱਟ 5 ਵਾਰ ਰਿਫੰਡ ਮਿਲਿਆ ਹੈ। ਮੁਲਾਂਕਣ ਸਾਲ 2001-02 ਤੋਂ ਇਸ ਪਲੇਟਫਾਰਮ 'ਤੇ ਕਿਸੇ ਵਿਅਕਤੀ ਦੇ ਸਥਾਈ ਖਾਤਾ ਸੰਖਿਆ(ਪੈਨ) ਦੇ ਜ਼ਰੀਏ ਆਨਲਾਈਨ ਰਿਫੰਡ ਦੀ ਸਥਿਤੀ ਦੀ ਜਾਣਕਾਰੀ ਲਈ ਜਾ ਸਕਦੀ ਹੈ। ਮੋਦੀ ਦੇ ਮਾਮਲੇ ਵਿਚ ਮੁਲਾਂਕਣ ਸਾਲ 2015-16 ਅਤੇ 2012-13 ਲਈ ਰਿਫੰਡ ਨੂੰ ਬਕਾਇਆ ਮੰਗ ਨਾਲ ਅਡਜੱਸਟ ਕੀਤਾ ਗਿਆ ਹੈ। ਇਸ ਪੋਰਟਲ 'ਤੇ ਰਿਫੰਡ ਦੀ ਰਾਸ਼ੀ ਦਾ ਜ਼ਿਕਰ ਨਹੀਂ ਹੈ ਪਰ ਤਾਰੀਖ ਦਾ ਜ਼ਿਕਰ ਹੈ।