PMC ਬੈਂਕ ਦੇ ਖਾਤਾਧਾਰਕਾਂ ਦੀ ਵਿੱਤੀ ਹਾਲਤ ਵਿਗੜੀ, ਸਕੂਲ ਦੀ ਫੀਸ ਤੋਂ ਲੈ ਕੇ ਇਲਾਜ ਲਈ ਹੋਏ ਮੁਥਾਜ

10/21/2019 11:03:40 AM

ਮੁੰਬਈ — ਘਪਲੇ ਕਾਰਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ(PMC) ਬੈਂਕ ਦੇ ਗਾਹਕਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਹਾਲਾਤ ਇਹ ਹੋ ਗਏ ਹਨ ਕਿ ਖਾਤੇ 'ਚ ਪੈਸੇ ਹੋਣ ਦੇ ਬਾਵਜੂਦ ਇਹ ਲੋਕ ਆਪਣੇ ਬੱਚਿਆਂ ਦੇ ਸਕੂਲ ਦੀ ਫੀਸ ਤੋਂ ਲੈ ਕੇ ਇਲਾਜ ਤੱਕ ਦਾ ਖਰਚਾ ਕਰਨ ਲਈ ਮੁਥਾਜ ਹੋ ਗਏ ਹਨ। ਭਾਰਤੀ ਰਿਜ਼ਰਵ ਬੈਂਕ ਨੇ 6 ਮਹੀਨੇ 'ਚ ਬੈਂਕ ਵਿਚੋਂ ਪੈਸੇ ਕਢਵਾਉਣ ਦੀ ਵਧ ਤੋਂ ਵਧ 40 ਹਜ਼ਾਰ ਦੀ ਉੱਪਰੀ ਹੱਦ ਤੈਅ ਕਰ ਦਿੱਤੀ ਹੈ, ਜਿਸ ਕਾਰਨ ਗਾਹਕਾਂ ਦੀਆਂ ਮੁਸੀਬਤਾਂ ਵਧ ਗਈਆਂ ਹਨ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਵਿੱਤੀ ਸੰਕਟ ਕਾਰਨ ਬੈਂਕ ਦੇ 5 ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ।

ਜੀਵਨਭਰ ਦੀ ਕਮਾਈ ਡੁੱਬਣ ਦਾ ਡਰ

ਬੈਂਕ ਦੇ ਗਾਹਕਾਂ ਨੂੰ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਡੁੱਬਣ ਦਾ ਡਰ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਬਚਤ ਖਾਤੇ ਅਤੇ ਐਫ.ਡੀ. ਦੇ ਰੂਪ 'ਚ ਬੈਂਕ 'ਚ ਜਮ੍ਹਾ ਕੀਤਾ ਹੋਇਆ ਹੈ। ਮੁੰਬਈ ਦੇ ਇਕ ਕਾਰੋਬਾਰੀ ਐਮ.ਏ. ਚੌਧਰੀ ਦੱਸਦੇ ਹਨ ਕਿ PMC ਬੈਂਕ ਦੇ ਜਾਰੀ ਚੈੱਕ ਬਾਊਂਸ ਹੋਣ ਕਾਰਨ ਉਹ ਨਾ ਤਾਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇ ਸਕਦੇ ਰਹੇ ਹਨ ਅਤੇ ਨਾ ਹੀ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਸਕਦੇ ਹਨ। 

SMS ਭੇਜ ਕੇ ਬੈਨ ਬਾਰੇ ਦੱਸਿਆ

ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜੁਆਏ ਥਾਮਸ ਨੇ ਬੈਂਕ 'ਤੇ ਲੱਗੀਆਂ ਪਾਬੰਦੀਆਂ ਬਾਰੇ ਗਾਹਕਾਂ ਨੂੰ SMS ਭੇਜਿਆ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਉਹ 6 ਮਹੀਨੇ ਲਈ ਸਿਰਫ 1 ਹਜ਼ਾਰ ਰੁਪਏ ਤੱਕ ਦੀ ਰਕਮ ਹੀ ਆਪਣੇ ਖਾਤੇ ਵਿਚੋਂ ਕਢਵਾ ਸਕਦੇ ਹਨ। ਇਸ ਤੋਂ ਬਾਅਦ ਬੈਂਕ ਨਾਲ ਘਪਲਾ ਕਰਨ ਵਾਲੀ ਕੰਪਨੀ ਹਾਊਸਿੰਗ ਡਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ(HDIL) ਦੇ ਪ੍ਰਮੋਟਰਾਂ ਰਾਕੇਸ਼ ਅਤੇ ਸਾਰੰਗ ਵਾਧਵਨ ਨੂੰ PMC ਬੈਂਕ ਨਾਲ ਕਥਿਤ ਫਰਜ਼ੀਵਾੜੇ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ।

ਵਿਰੋਧ ਦੇ ਬਾਅਦ ਨਿਕਾਸੀ ਦੀ ਹੱਦ ਵਧੀ

ਖਾਤਾਧਾਰਕਾਂ ਵਲੋਂ ਭਾਰੀ ਵਿਰੋਧ-ਪ੍ਰਦਰਸ਼ਨ ਦੇ ਬਾਅਦ ਰਿਜ਼ਰਵ ਬੈਂਕ ਨੇ ਖਾਤੇ ਵਿਚੋਂ ਪੈਸੇ ਕਢਵਾਉਣ ਦੀ ਹੱਦ 10 ਹਜ਼ਾਰ ਰੁਪਏ ਅਤੇ ਫਿਰ ਇਸ ਹੱਦ ਨੂੰ ਵਧਾ ਕੇ 40 ਹਜ਼ਾਰ ਰੁਪਏ ਕਰ ਦਿੱਤਾ ਸੀ। ਹਾਲਾਂਕਿ ਇਸ ਬੈਂਕ 'ਚ ਲੱਖਾਂ ਇਥੋਂ ਤੱਕ ਕਿ ਕਰੋੜਾਂ ਜਮ੍ਹਾਂ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ 40 ਹਜ਼ਾਰ ਦੀ ਰਕਮ ਨਾਲ ਇਕ ਮਹੀਨੇ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੇ 6 ਮਹੀਨੇ ਕਿਸ ਤਰ੍ਹਾਂ ਨਿਕਲ ਸਕਦੇ ਹਨ।

ਕੀ ਹੈ PMC ਬੈਂਕ ਘਪਲਾ ?

ਪੰਜਾਬ ਅਤੇ ਮਹਾਰਾਸ਼ਟਰ ਕੋ-ਆਪਰੇਟਿਵ(PMC) ਬੈਂਕ 'ਚ ਵਿੱਤੀ ਧੋਖਾਧੜੀ ਲਗਭਗ ਇਕ ਦਹਾਕੇ ਤੋਂ ਚਲ ਰਹੀ ਸੀ। ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੁਆਏ ਥਾਮਸ ਦੀ ਅਗਵਾਈ 'ਚ ਬੈਂਕ ਮੈਨੇਜਮੈਂਟ ਨੇ ਕੰਸਟਰੱਕਸ਼ਨ ਕੰਪਨੀ HDIL ਨੂੰ ਫੰਡ ਦਵਾਉਣ ਲਈ ਹਜ਼ਾਰ ਡੱਮੀ ਖਾਤੇ ਖੋਲ੍ਹੇ ਹੋਏ ਸਨ। ਰੈਗੂਲੇਟਰ ਨੂੰ ਸ਼ੁਰੂਆਤ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਥਾਮਸ ਅਤੇ ਮੈਨੇਜਮੈਂਟ ਦੇ ਕੁਝ ਲੋਕਾਂ ਨੇ ਮਿਲ ਕੇ 4,226 ਕਰੋੜ ਰੁਪਏ(ਬੈਂਕ ਦੇ ਲੋਨ ਦਾ 73% ਹਿੱਸਾ) ਸਿਰਫ ਇਕ ਹੀ ਕੰਪਨੀ HDIL ਨੂੰ ਦਿੱਤਾ ਹੋਇਆ ਸੀ, ਜਿਹੜੀ ਕਿ ਹੁਣ ਦਿਵਾਲੀਆ ਹੋ ਚੁੱਕੀ ਹੈ।

ਅਜਿਹੇ 'ਚ ਬੈਂਕ ਬੈਂਕ ਦੀ ਵਿੱਤੀ ਹਾਲਤ ਖਰਾਬ ਹੋ ਗਈ ਅਤੇ ਰਿਜ਼ਰਵ ਬੈਂਕ ਨੇ ਇਸ ਦੇ ਕੰਮਕਾਜ 'ਤੇ ਰੋਕ ਲਗਾ ਦਿੱਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਪਲਾ 4,226 ਕਰੋੜ ਦਾ ਨਹੀਂ ਸਗੋਂ 4,355 ਕਰੋੜ ਰੁਪਏ ਦਾ ਹੈ। ਹੁਣ ਇਹ ਅੰਕੜੇ ਹੋਰ ਹੈਰਾਨ ਕਰ ਰਹੇ ਹਨ ਇਹ ਘਪਲਾ ਵਧ ਕੇ 6500 ਕਰੋੜ ਤੋਂ ਜ਼ਿਆਦਾ ਦਾ ਹੁੰਦਾ ਜਾ ਰਿਹਾ ਹੈ।