ਪ੍ਰਧਾਨ ਮੰਤਰੀ ਨੇ ਕੀਤੀ ਹਾਕੀ ਟੀਮ ਤੇ ਸ਼੍ਰੀਕਾਂਤ ਦੀ ਸ਼ਲਾਘਾ

10/30/2017 2:48:02 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਵਿਚ ਹਾਕੀ ਟੀਮ ਦੇ 10 ਸਾਲ ਬਾਅਦ ਏਸ਼ੀਆ ਕੱਪ ਚੈਂਪੀਅਨਸ਼ਿਪ ਖਿਤਾਬ ਜਿੱਤਣ ਤੇ ਡੈੱਨਮਾਰਕ ਓਪਨ ਸੁਪਰ ਸੀਰੀਜ਼ ਜਿੱਤਣ ਵਾਲੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਵਧਾਈ ਦਿੱਤੀ ਹੈ।
ਸ਼੍ਰੀ ਮੋਦੀ ਨੇ ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਵਿਚ ਖੇਡ ਤੇ ਵੱਖ-ਵੱਖ ਖਿਡਾਰੀਆਂ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ 'ਚ ਸਾਡੇ ਖਿਡਾਰੀਆਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਹਾਕੀ 'ਚ ਭਾਰਤ ਨੇ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ ਹੈ। ਸਾਡੇ ਖਿਡਾਰੀਆਂ ਨੇ 10 ਸਾਲ ਬਾਅਦ ਭਾਰਤ ਨੂੰ ਏਸ਼ੀਆ ਕੱਪ ਚੈਂਪੀਅਨ ਬਣਾਇਆ। ਇਸ ਤੋਂ ਪਹਿਲਾਂ ਭਾਰਤ ਸਾਲ 2003 ਤੇ 2007 ਵਿਚ ਏਸ਼ੀਆ ਕੱਪ ਚੈਂਪੀਅਨ ਬਣਿਆ ਸੀ। ਪੂਰੀ ਟੀਮ ਤੇ ਸਪੋਰਟ  ਸਟਾਫ ਨੂੰ ਮੇਰੇ ਵਲੋਂ ਸ਼ੁਭ ਕਾਮਨਾਵਾਂ।
ਉਨ੍ਹਾਂ ਕਿਹਾ ਕਿ ਹਾਕੀ ਤੋਂ ਬਾਅਦ ਬੈਡਮਿੰਟਨ ਤੋਂ ਵੀ ਭਾਰਤ ਲਈ ਚੰਗੀ ਖਬਰ ਆਈ ਹੈ।  ਬੈਡਮਿੰਟਨ ਸਟਾਰ ਕਿਦਾਂਬੀ ਸ਼੍ਰੀਕਾਂਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੈੱਨਮਾਰਕ ਓਪਨ ਖਿਤਾਬ ਜਿੱਤ ਕੇ ਹਰ ਭਾਰਤੀ ਨੂੰ ਸਨਮਾਨਿਤ ਕੀਤਾ ਹੈ। ਇੰਡੋਨੇਸ਼ੀਆ ਓਪਨ ਤੇ ਆਸਟ੍ਰੇਲੀਆ ਓਪਨ ਤੋਂ ਬਾਅਦ ਇਹ ਉਸਦਾ ਸੁਪਰ ਸੀਰੀਜ਼ ਖਿਤਾਬ ਹੈ। ਉਸਦੀ ਇਸ ਉਪਲੱਬਧੀ ਲਈ ਤੇ ਭਾਰਤ ਦਾ ਮਾਣ ਵਧਾਉਣ ਲਈ ਬਹੁਤ-ਬਹੁਤ ਵਧਾਈ।

ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਸਫਲ ਸਮਾਪਤੀ 'ਤੇ ਪ੍ਰਗਟਾਈ ਖੁਸ਼ੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਹੀ ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦੀ ਸਫਲ ਸਮਾਪਤੀ ਲਈ ਵੀ ਖੁਸ਼ੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਸ ਮਹੀਨੇ ਫੀਫਾ ਵਿਸ਼ਵ ਕੱਪ ਦਾ ਆਯੋਜਨ ਹੋਇਆ। ਦੁਨੀਆ-ਭਰ ਦੀਆਂ ਟੀਮਾਂ ਭਾਰਤ ਆਈਆਂ ਤੇ ਸਾਰਿਆਂ ਨੇ ਫੁੱਟਬਾਲ ਦੇ ਮੈਦਾਨ 'ਤੇ ਆਪਣੀ ਕੁਸ਼ਲਤਾ ਦਿਖਾਈ। ਮੈਨੂੰ ਵੀ ਇਕ ਮੈਚ ਵਿਚ ਜਾਣ ਦਾ ਮੌਕਾ ਮਿਲਿਆ।''
ਸ਼੍ਰੀ ਮੋਦੀ ਨੇ ਕਿਹਾ, ''ਖਿਡਾਰੀਆਂ, ਦਰਸ਼ਕਾਂ ਸਾਰਿਆਂ ਵਿਚਾਲੇ ਭਾਰੀ ਉਤਸ਼ਾਹ ਸੀ। ਵਿਸ਼ਵ ਕੱਪ ਦਾ ਇੰਨਾ ਵੱਡਾ ਆਯੋਜਨ, ਪੂਰਾ ਵਿਸ਼ਵ ਤੁਹਾਨੂੰ ਦੇਖ ਰਿਹਾ ਹੋਵੇ। ਇੰਨਾ ਵੱਡਾ ਮੈਚ, ਮੈਂ ਤਾਂ ਸਾਰੇ ਨੌਜਵਾਨ ਖਿਡਾਰੀਆਂ ਦੀ ਹਿੰਮਤ, ਉਤਸ਼ਾਹ ਤੇ ਕੁਝ ਕਰ ਦਿਖਾਉਣ ਦੇ ਜਜ਼ਬੇ ਨੂੰ ਦੇਖ ਕੇ ਦੰਗ ਰਹਿ ਗਿਆ ਸੀ। ਵਿਸ਼ਵ ਕੱਪ ਦਾ ਆਯੋਜਨ ਸਫਲਤਾਪੂਰਵਕ ਹੋਇਆ ਤੇ ਸਾਰੀਆਂ ਟੀਮਾਂ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਵੇਂ ਹੀ ਭਾਰਤ ਖਿਤਾਬ ਨਾ ਜਿੱਤ ਸਕਿਆ ਹੋਵੇ ਪਰ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ।''
ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਸਮੇਤ ਪੂਰੇ ਵਿਸ਼ਵ ਨੇ ਖੇਡ ਦੇ ਇਸ ਉਤਸਵ ਦਾ ਮਜ਼ਾ ਲਿਆ ਤੇ ਇਹ ਟੂਰਨਾਮੈਂਟ ਫੁੱਟਬਾਲ ਪ੍ਰੇਮੀਆਂ ਲਈ ਰੋਮਾਂਚਕ ਤੇ ਮਨੋਰੰਜਕ ਰਿਹਾ। ਫੁੱਟਬਾਲ ਦਾ ਭਵਿੱਖ ਬਹੁਤ ਉੱਜਵਲ ਹੈ, ਇਸ ਦੇ ਸੰਕੇਤ ਨਜ਼ਰ ਆਉਣ ਲੱਗੇ ਹਨ। ਮੈਂ ਇਕ ਵਾਰ ਫਿਰ ਤੋਂ ਸਾਰੇ ਖਿਡਾਰੀਆਂ ਨੂੰ, ਉਨ੍ਹਾਂ ਦੇ ਸਹਿਯੋਗੀਆਂ ਨੂੰ ਤੇ ਸਾਰੇ ਖੇਡ-ਪ੍ਰੇਮੀਆਂ ਨੂੰ ਵਧਾਈ ਦਿੰਦਾਂ ਹਾਂ।