ਸਰਕਾਰ ਦੀ ਡਿੱਗਦੀ ਅਕਸ ਤੋਂ ਪਰੇਸ਼ਾਨ ਪੀ.ਐੱਮ. ਨਰਿੰਦਰ ਮੋਦੀ, ਮੰਤਰੀਆਂ ਨੂੰ ਕਿਹਾ- ਕਰੋ ਚੰਗੀ ਗੱਲ

11/12/2017 12:31:00 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਤੋਂ ਬਾਅਦ ਹੁਣ ਮੰਤਰੀ ਵੀ ਆਮ ਲੋਕਾਂ ਨਾਲ 'ਚੰਗੀ ਗੱਲ' ਕਰਨਗੇ। ਦਰਅਸਲ ਸਰਕਾਰ ਦੀ ਡਿੱਗਦੀ ਅਕਸ ਤੋਂ ਚਿੰਤਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਉਤਸ਼ਾਹਤ ਕਰਦੇ ਹੋਏ ਉਨ੍ਹਾਂ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਕੀਤੀ ਗਈ ਪਹਿਲ ਬਾਰੇ ਪ੍ਰਚਾਰ ਕਰਨ ਅਤੇ ਚੰਗੀ ਗੱਲ ਕਹਿਣ ਲਈ ਕਿਹਾ ਹੈ।
ਮੋਦੀ ਨੇ ਸ਼ੁੱਕਰਵਾਰ ਦੀ ਰਾਤ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਆਪਣੇ ਸਹਿਯੋਗੀਆਂ ਨੂੰ ਸਖਤ ਮਿਹਨਤ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਲੋਕਾਂ ਦੇ ਜੀਵਨ 'ਚ ਆਈ ਤਬਦੀਲੀ ਬਾਰੇ ਵਿਆਪਕ ਰੂਪ ਨਾਲ ਜਨਤਾ ਨੂੰ ਦੱਸਣ ਲਈ ਕਿਹਾ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਤਿੰਨ ਮੰਤਰੀਆਂ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਸਰਕਾਰ ਵੱਲੋਂ ਕੀਤੀ ਗਈ ਪਹਿਲ ਨੇ ਕਿਵੇਂ ਲੋਕਾਂ ਦੇ ਜੀਵਨ 'ਚ 'ਈਜ ਆਫ ਲਿਵਿੰਗ' (ਜੀਵਨ ਬਤੀਤ ਕਰਨ 'ਚ ਆਸਾਨੀ) ਕਰਨ ਦਾ ਮੌਕਾ ਪ੍ਰਦਾਨ ਕੀਤਾ, ਇਸ 'ਤੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ 'ਈਜ ਆਫ ਲਿਵਿੰਗ' 'ਤੇ ਦਿੱਤੀ ਗਈ ਪੇਸ਼ਕਾਰੀ ਕਰੀਬ ਇਕ ਘੰਟੇ ਤੱਕ ਚੱਲੀ ਅਤੇ ਇਸ 'ਚ ਤਿੰਨ ਹਿੱਸਿਆਂ 'ਚੋਂ 90 ਸਲਾਈਡ ਨਾਲ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ 'ਚ ਕੀਤੇ ਗਏ ਕੰਮਾਂ ਨੂੰ ਦਰਸਾਇਆ ਗਿਆ। ਇਸ ਪੇਸ਼ਕਾਰੀ ਨੂੰ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੌਸ਼ਲ ਵਿਕਾਸ ਰਾਜ ਮੰਤਰੀ ਅਨੰਤ ਕੁਮਾਰ ਹੇਗੜੇ ਅਤੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੇਸ਼ ਕੀਤਾ। ਇਸ 'ਚ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਤੋਂ ਇਲਾਵਾ ਮੁਦਰਾ, ਡਿਜੀਟਲ ਇੰਡੀਆ, ਕਿਫਾਇਤੀ ਘਰ ਅਤੇ ਉੱਜਵਲਾ ਯੋਜਨਾ ਦੇ ਲਾਭ ਦੱਸਦੇ ਹੋਏ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਯੋਜਨਾਵਾਂ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਇਆ ਹੈ।