3 ਦੇਸ਼ਾਂ ਦੀ ਯਾਤਰਾ ਤੋਂ ਬਾਅਦ ਮੋਦੀ ਪਰਤੇ ਭਾਰਤ, ਸੁਸ਼ਮਾ ਨੇ ਕੀਤਾ ਸੁਆਗਤ

02/12/2018 6:00:57 PM

ਓਮਾਨ/ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਖਤਮ ਕਰ ਕੇ ਭਾਰਤ ਪਹੁੰਚ ਗਏ ਹਨ। ਮੋਦੀ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਦੀ ਸ਼ਾਮ ਨੂੰ ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੇ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇੱਥੇ ਦੱਸ ਦੇਈਏ ਕਿ ਮੋਦੀ ਜੌਰਡਨ, ਫਲਸਤੀਨ ਅਤੇ ਯੂ. ਏ. ਈ. ਦੀ 4 ਦਿਨਾਂ ਯਾਤਰਾ 'ਤੇ ਗਏ ਸਨ। ਆਪਣੀ ਯਾਤਰਾ ਦੇ ਆਖਰੀ ਪੜਾਅ ਵਿਚ ਓਮਾਨ ਵਿਚ ਮੋਦੀ ਨੇ ਦੋ ਦਿਨ ਬਤੀਤ ਕੀਤੇ। 


ਓਮਾਨ ਦੀ ਯਾਤਰਾ ਦੌਰਾਨ ਮੋਦੀ ਕਈ ਸਾਲ ਪੁਰਾਣੇ ਸ਼ਿਵ ਮੰਦਰ ਪੁੱਜੇ, ਜਿੱਥੇ ਉਨ੍ਹਾਂ ਨੇ ਪੂਜਾ ਕੀਤੀ। ਇਸ ਤੋਂ ਬਾਅਦ ਉਹ ਇੱਥੋਂ ਦੀ ਇਕ ਮਸਜਿਦ ਵੀ ਗਏ।  ਪੀ. ਐੱਮ. ਮੋਦੀ ਨੂੰ ਆਪਣੇ ਦਰਮਿਆਨ ਦੇਖ ਕੇ ਭਾਰਤੀ ਭਾਈਚਾਰੇ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕ ਉਨ੍ਹਾਂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਮੋਦੀ ਨੇ ਉਨ੍ਹਾਂ ਨੂੰ ਨਾਰਾਜ਼ ਨਹੀਂ ਕੀਤਾ, ਸਗੋਂ ਕਿ ਹੱਥ ਹਿਲਾ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਤੋਂ ਪਹਿਲਾਂ ਮੋਦੀ ਨੇ ਆਬੂ ਧਾਬੀ ਵਿਚ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ, ਜੋ ਕਿ ਯੂ. ਏ. ਈ. ਦਾ ਪਹਿਲਾ ਹਿੰਦੂ ਮੰਦਰ ਹੋਵੇਗਾ। ਓਮਾਨ ਦੇ ਮਸਕਟ ਦੇ ਸਟੇਡੀਅਮ ਵਿਚ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਵੀ ਕੀਤਾ।