PM ਮੋਦੀ ਕੋਰੋਨਾ ਤੋਂ ਬਚਾਅ ਲਈ ਵੀਰਵਾਰ ਨੂੰ ''ਜਨ ਅੰਦੋਲਨ'' ਦੀ ਕਰਨਗੇ ਸ਼ੁਰੂਆਤ

10/07/2020 8:05:33 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਨਾਲ ਲੜਨ ਲਈ ਵੀਰਵਾਰ (8 ਅਕਤੂਬਰ) ਨੂੰ ਇੱਕ ਜਨ ਅੰਦੋਲਨ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਨੂੰ ਅਗਲੇ ਤਿਉਹਾਰਾਂ ਅਤੇ ਸਰਦੀਆਂ ਦੇ ਮੌਸਮ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਜਾਵੇਗਾ। ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਮੁਹਿੰਮ ਸ਼ੁਰੂ ਕੀਤਾ ਜਾਵੇਗਾ। ਇਸ ਅੰਦੋਲਨ 'ਚ ਮਾਸਕ ਪਾਉਣ, ਸਰੀਰਕ ਦੂਰੀ ਦਾ ਪਾਲਣ ਕਰਨ, ਹੱਥ ਦੀ ਸਫਾਈ ਬਣਾਏ ਰੱਖਣ ਆਦਿ ਪ੍ਰਮੁੱਖ ਸੁਨੇਹੇ ਹੋਣਗੇ।

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਵੱਲੋਂ ਜਿਨ੍ਹਾਂ ਉਪਰਾਲਿਆਂ ਨੂੰ ਅਪਨਾਉਣ ਦੀ ਜ਼ਰੂਰਤ ਹੈ ਉਸ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਸਰਕਾਰ ਵੀਰਵਾਰ ਤੋਂ ਇੱਕ ਮੁਹਿੰਮ ਸ਼ੁਰੂ ਕਰੇਗੀ। ਜਾਵਡੇਕਰ ਨੇ ਕੇਂਦਰੀ ਕੈਬਨਿਟ ਵੱਲੋਂ ਲਏ ਗਏ ਫੈਸਲੇ ਨੂੰ ਲੈ ਕੇ ਬੁੱਧਵਾਰ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਕੋਈ ਟੀਕਾ ਉਪਲੱਬਧ ਨਹੀਂ ਹੋ ਜਾਂਦਾ ਉਦੋਂ ਤੱਕ ਲੋਕਾਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ  ਦੇ ਤਹਿਤ ਮਾਸਕ ਪਾਉਣਾ ਹੋਵੇਗਾ, ਇਕ ਦੂਸਰੇ ਤੋਂ ਦੂਰੀ ਬਣਾਈ ਰੱਖਣੀ ਹੋਵੇਗੀ ਅਤੇ ਹੱਥਾਂ ਨੂੰ ਸੈਨੇਟਾਈਜ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਨਿਯਮਾਂ ਦਾ ਪਾਲਣ ਕਰਨਾ ਵਾਇਰਸ ਖ਼ਿਲਾਫ਼ ਇੱਕ ਪ੍ਰਮੁੱਖ ਬਚਾਅ ਹੈ। ਸਰਕਾਰ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੰਬੇ ਸਮੇਂ ਤੋਂ ਲੋਕਾਂ ਵਲੋਂ ਇਨ੍ਹਾਂ ਉਪਾਅ ਨੂੰ ਅਪਨਾਉਣ ਦਾ ਅਪੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸੁਨੇਹੇ ਨੂੰ ਫੈਲਾਣ ਲਈ ਜਨਤਕ ਥਾਵਾਂ, ਮੈਟਰੋ, ਆਟੋਰਿਕਸ਼ਾ ਅਤੇ ਹੋਰ ਜਨਤਕ ਆਵਾਜਾਈ 'ਚ ਪੋਸਟਰ, ਬੈਨਰ ਅਤੇ ਸਟਿਕਰ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਸੋਸ਼ਲ ਮੀਡੀਆ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਜਾਵਡੇਕਰ ਨੇ ਕਿਹਾ ਕਿ ਸਾਵਧਾਨੀ ਹੋਰ ਵੀ ਜ਼ਰੂਰੀ ਹੈ ਕਿਉਂਕਿ ਸਰਦੀਆਂ ਛੇਤੀ ਹੀ ਸ਼ੁਰੂ ਹੋਣ ਵਾਲੀਆਂ ਹਨ।

Inder Prajapati

This news is Content Editor Inder Prajapati