ਪ੍ਰਧਾਨ ਮੰਤਰੀ ਮੋਦੀ 26 ਮਈ ਨੂੰ ਕਰਨਗੇ ਦੇਸ਼ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ

05/25/2017 4:35:22 AM

ਗੁਹਾਟੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਮਈ ਨੂੰ ਆਸਾਮ 'ਚ ਬਣੇ ਦੇਸ਼ ਦੇ ਸਭ ਤੋਂ ਲੰਬੇ ਪੁੱਲ ਦਾ ਉਦਘਾਟਨ ਕਰਨਗੇ। ਇਹ ਪੁੱਲ ਆਸਾਮ ਦੇ ਪੂਰਬੀ ਹਿੱਸੇ 'ਚ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਖੇਤਰ 'ਚ ਬਣਿਆ ਹੈ। ਇਸ ਨੂੰ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਦੇ ਤਿੰਨ ਸਾਲ ਪੂਰਾ ਹੋਣ ਦੇ ਮੌਕੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਬ੍ਰਹਮਾਪੁੱਤਰ ਨਦੀ 'ਤੇ ਬਣਿਆ 9.15 ਕਿਲੋਮੀਟਰ ਲੰਬਾ ਇਹ ਪੁੱਲ ਏਸ਼ੀਆ ਦਾ ਦੂਜਾ ਸਭ ਤੋਂ ਲੰਬਾ ਪੁੱਲ ਹੈ। 
ਇਹ ਆਸਾਮ 'ਚ ਤਿਨਸੁਕੀਆ ਜ਼ਿਲੇ ਦੇ ਢੋਲਾ ਅਤੇ ਸਦੀਆ ਨੂੰ ਜੋੜਦਾ ਹੈ। ਇਹ ਮੁੰਬਈ ਦੇ ਬਾਂਦਰਾ ਵਰਲੀ ਪੁੱਲ ਤੋਂ 3.55 ਕਿਲੋਮੀਟਰ ਲੰਬਾ ਹੈ। ਇਹ ਪੁੱਲ ਦੇਸ਼ ਦੀ ਸੁਰੱਖਿਆ ਜ਼ਰੂਰਤਾਂ ਨੂੰ ਦੇਖਦੇ ਹੋਏ ਰਣਨੀਤਕ ਰੂਪ ਨਾਲ ਵੀ ਕਾਫੀ ਮਹੱਤਵਪੂਰਨ ਹੈ। ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਕਿਹਾ,''ਅਸੀਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਪੁੱਲ ਦਾ ਉਦਘਾਟਨ ਕਰਨਗੇ। ਇਸ ਦੇ ਨਿਰਮਾਣ 'ਚ ਦੇਰੀ ਹੋ ਰਹੀ ਸੀ ਪਰ ਜਦੋਂ ਪ੍ਰਧਾਨ ਮੰਤਰੀ ਨੇ ਰੂਚੀ ਦਿਖਾਈ ਅਤੇ ਮੈਂ ਜਾ ਕੇ ਦੇਰੀ ਦੇ ਕਾਰਨਾਂ ਦਾ ਪਤਾ ਕੀਤਾ ਤਾਂ ਪਾਇਆ ਕਿ ਇਸ ਦੇ ਕੰਮ 'ਚ ਵਿਸਥਾਰ ਹੋਇਆ ਸੀ। ਇਹ ਪੁੱਲ ਆਸਾਮ ਦੀ ਰਾਜਧਾਨੀ ਦਿਸਪੁਰ ਤੋਂ 540 ਕਿਲੋਮੀਟਰ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਇਟਾਨਗਰ ਤੋਂ 300 ਕਿਲੋਮੀਟਰ ਦੂਰ ਹੈ।