ਅਮਰੀਕਾ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਦਾਅਵਿਆਂ 'ਤੇ PM ਮੋਦੀ ਦੀ ਪਹਿਲੀ ਪ੍ਰਤੀਕਿਰਿਆ

12/20/2023 6:21:57 PM

ਲੰਡਨ/ਨਵੀਂ ਦਿੱਲੀ: ਅਮਰੀਕਾ 'ਚ ਭਾਰਤੀ ਅਧਿਕਾਰੀ 'ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਪੀ.ਐੱਮ ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਕਿਸੇ ਭਾਰਤੀ ਸਾਜ਼ਿਸ਼ ਬਾਰੇ ਕੋਈ ਸਬੂਤ ਦਿੱਤਾ ਜਾਂਦਾ ਹੈ, ਤਾਂ ਉਹ ਯਕੀਨੀ ਤੌਰ 'ਤੇ ਇਸ 'ਤੇ 'ਵਿਚਾਰ' ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ‘ਕੁਝ ਘਟਨਾਵਾਂ’ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ। ਬ੍ਰਿਟਿਸ਼ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਪੀ.ਐੱਮ ਮੋਦੀ ਨੇ ਸਾਫ ਕਿਹਾ ਕਿ ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਬੁਰਾ ਕੀਤਾ ਹੈ ਤਾਂ ਅਸੀਂ ਇਸ 'ਤੇ ਵਿਚਾਰ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਪ੍ਰਤੀ ਹੈ। 

ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ਾਂ 'ਚ ਮੌਜੂਦ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਪੀ.ਐੱਮ ਮੋਦੀ ਨੇ ਕਿਹਾ ਕਿ ਕੱਟੜਪੰਥੀ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਧਮਕੀਆਂ ਦੇਣ ਅਤੇ ਹਿੰਸਾ ਭੜਕਾਉਣ 'ਚ ਲੱਗੇ ਹੋਏ ਹਨ।' ਇਸ ਤੋਂ ਪਹਿਲਾਂ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲੱਗ ਚੁੱਕੇ ਹਨ। ਅਮਰੀਕਾ ਉਸ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਸਾਲ 2020 'ਚ ਭਾਰਤ ਨੇ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਦੀ ਅਗਵਾਈ ਕਰਨ ਵਾਲੇ ਖਾਲਿਸਤਾਨੀ ਪੰਨੂ ਨੂੰ ਅੱਤਵਾਦੀ ਐਲਾਨ ਦਿੱਤਾ ਸੀ। ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਪੱਛਮੀ ਦੇਸ਼ ਖਾਲਿਸਤਾਨੀ ਅੱਤਵਾਦ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

ਭਾਰਤ ਅਤੇ ਅਮਰੀਕਾ ਦੀ ਦੋਸਤੀ 'ਤੇ ਨਹੀਂ ਹੋਵੇਗਾ ਕੋਈ ਅਸਰ 

ਭਾਰਤ ਅਤੇ ਅਮਰੀਕਾ ਦੀ ਦੋਸਤੀ 'ਤੇ ਪੀ.ਐੱਮ ਮੋਦੀ ਨੇ ਕਿਹਾ ਕਿ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਸਾਂਝੇਦਾਰੀ ਦੇ ਮੁੱਖ ਤੱਤ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਪ੍ਰਭਾਵਿਤ ਕਰਨਗੀਆਂ। ਪੀ.ਐੱਮ ਮੋਦੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਹੋਵੇਗਾ। ਬਾਈਡੇਨ ਵੱਲੋਂ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ 'ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਪੀ.ਐੱਮ ਮੋਦੀ ਨੇ ਕਿਹਾ ਕਿ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਦੋਵਾਂ ਦੇਸ਼ਾਂ ਦਾ ਮਜ਼ਬੂਤ ​​ਸਮਰਥਨ ਹੈ। ਇਹ ਇੱਕ ਪਰਿਪੱਕ ਅਤੇ ਸਥਿਰ ਸਾਂਝੇਦਾਰੀ ਦਾ ਸੰਕੇਤ ਹੈ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੀ.ਐੱਮ ਮੋਦੀ ਰਾਜਕੀ ਦੌਰੇ 'ਤੇ ਅਮਰੀਕਾ ਗਏ ਸਨ ਅਤੇ ਬਾਈਡੇਨ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਬਾਈਡੇਨ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆਏ ਸਨ। ਅਮਰੀਕਾ ਅਤੇ ਭਾਰਤ ਦੋਵੇਂ ਉੱਚ ਤਕਨੀਕ ਤੋਂ ਲੈ ਕੇ ਰੱਖਿਆ ਤੱਕ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਨ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤੀ ਖੁਫੀਆ ਏਜੰਟਾਂ 'ਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ ਸੀ। ਭਾਰਤ ਤੋਂ ਵਾਰ-ਵਾਰ ਸਬੂਤ ਮੰਗਣ ਦੇ ਬਾਵਜੂਦ ਕੈਨੇਡੀਅਨ ਪ੍ਰਧਾਨ ਮੰਤਰੀ ਅੱਜ ਤੱਕ ਕੋਈ ਵੀ ਠੋਸ ਸਬੂਤ ਨਹੀਂ ਦੇ ਸਕੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਨੇ ਰਾਸ਼ਟਰਪਤੀ ਚੋਣ ਲੜਨ ਲਈ ਐਲਾਨਿਆ ਅਯੋਗ

ਇਹ ਹੈ ਮਾਮਲਾ

ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ 52 ਸਾਲਾ ਭਾਰਤੀ ਨਾਗਰਿਕ ਨਿਖਿਲ ਗੁਪਤਾ ਜੋ ਕਿ ਭਾਰਤ ਸਰਕਾਰ ਦਾ ਕਰਮਚਾਰੀ ਵੀ ਹੈ, ਨੇ ਨਿਊਯਾਰਕ ਸਿਟੀ ਨਿਵਾਸੀ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਵਿਭਾਗ ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਨਹੀਂ ਲਿਆ ਪਰ ਉਸ ਦਾ ਇਸ਼ਾਰਾ ਪੰਨੂ ਵੱਲ ਹੀ ਹੈ ਕਿਉਂਕਿ ਪੰਨੂ ਅਮਰੀਕੀ ਸ਼ਹਿਰ ਨਿਊਯਾਰਕ ਵਿੱਚ ਰਹਿੰਦਾ ਹੈ। ਵਿਭਾਗ ਮੁਤਾਬਕ ਇਹ ਭਾਰਤੀ ਨਾਗਰਿਕ (ਨਿਖਿਲ ਗੁਪਤਾ) ਸੁਰੱਖਿਆ ਪ੍ਰਬੰਧਨ ਅਤੇ ਖੁਫੀਆ ਜਾਣਕਾਰੀਆਂ ਦੀ ਦੇਖ-ਰੇਖ ਕਰਦਾ ਸੀ। ਨਿਖਿਲ ਗੁਪਤਾ 'ਤੇ ਪੰਨੂ ਦੇ ਕਤਲ ਲਈ ਇਕ ਲੱਖ ਡਾਲਰ ਦੇਣ ਦਾ ਵਾਅਦਾ ਕਰਨ ਦਾ ਵੀ ਦੋਸ਼ ਹੈ। ਇਸ ਵਿੱਚੋਂ 9 ਜੂਨ 2023 ਨੂੰ 15 ਹਜ਼ਾਰ ਡਾਲਰ ਦੀ ਪੇਸ਼ਗੀ ਅਦਾਇਗੀ ਕੀਤੀ ਗਈ ਸੀ ਪਰ ਜਿਸ ਵਿਅਕਤੀ ਨੂੰ ਇਸ ਕੰਮ ਲਈ ਰੱਖਿਆ ਗਿਆ ਸੀ, ਉਹ ਇੱਕ ਅਮਰੀਕੀ ਏਜੰਸੀ ਦਾ ਖੁਫੀਆ ਏਜੰਟ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana