ਅਮਰੀਕਾ ਦੌਰੇ ਤੋਂ ਪਰਤੇ PM ਮੋਦੀ ਦਾ ਨਿੱਘਾ ਸਵਾਗਤ, ਨੱਢਾ ਬੋਲੇ- ‘ਭਾਰਤ ਨੂੰ ਦੁਨੀਆ ਨਵੀਂ ਨਜ਼ਰ ਨਾਲ ਵੇਖ ਰਹੀ’

09/26/2021 3:09:58 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦਿਨਾਂ ਅਮਰੀਕਾ ਦੌਰੇ ਤੋਂ ਐਤਵਾਰ ਯਾਨੀ ਕਿ ਅੱਜ ਭਾਰਤ ਪਰਤ ਆਏ ਹਨ। ਜਿੱਥੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕੀਤਾ ਅਤੇ ਕਵਾਡ ਸ਼ਿਖਰ ਸੰਮੇਲਨ ’ਚ ਹਿੱਸਾ ਲਿਆ। ਭਾਜਪਾ ਪਾਰਟੀ ਦੇ  ਰਾਸ਼ਟਰੀ ਪ੍ਰਧਾਨ ਜੈ ਪ੍ਰਕਾਸ਼ ਨੱਢਾ ਨਾਲ ਪਾਰਟੀ ਜਨਰਲ ਸਕੱਤਰ ਅਰੁਣ ਸਿੰਘ ਅਤੇ ਤੁਰਣ ਚੁੱਘ, ਸਾਬਕਾ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਪਾਰਟੀ ਦੇ ਸੀਨੀਅਰ ਅਹੁਦਾ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪਾਲਮ ਹਵਾਈ ਅੱਡੇ ਦੇ ਬਾਹਰ ਵੱਡੀ ਗਿਣਤੀ ਵਿਚ ਲੋਕ ਨਰਿੰਦਰ ਮੋਦੀ ਦੇ ਸਵਾਗਤ ਲਈ ਜੁੱਟੇ। ਉਨ੍ਹਾਂ ਦਾ ਢੋਲ ਨਾਲ ਸਵਾਗਤ ਕੀਤਾ ਗਿਆ। 

ਨੱਢਾ ਨੇ ਇਸ ਮੌਕੇ ’ਤੇ ਆਯੋਜਿਤ ਸਵਾਗਤ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਪਣੀ ਅਮਰੀਕੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੀ ਦੁਨੀਆ ’ਚ ਭਾਰਤ ਦਾ ਡੰਕਾ ਵਜਾਇਆ ਅਤੇ ਦੇਸ਼ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੀ ਦੁਨੀਆ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤ ਨੂੰ ਇਕ ਨਵੀਂ ਨਜ਼ਰ ਨਾਲ ਵੇਖ ਰਹੀ ਹੈ। ਮੋਦੀ ਦੀ ਅਗਵਾਈ ਵਿਚ ਭਾਰਤ ਬਦਲ ਚੁੱਕਾ ਹੈ। ਪ੍ਰਧਾਨ ਮੰਤਰੀ ਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਜਿਸ ਬੇਬਾਕੀ ਨਾਲ ਗੱਲ ਹੋਈ ਹੈ, ਉਹ ਵੀ ਭਾਰਤ ਦੀ ਵੱਖਰੀ ਤਸਵੀਰ ਪੇਸ਼ ਕਰਦੀ ਹੈ।

ਦੱਸ ਦੇਈਏ ਕਿ ਅਮਰੀਕੀ ਯਾਤਰਾ ਦੌਰਾਨ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੇਜ਼ਬਾਨੀ ਕੀਤੀ ਗਈ। ਜਿਨ੍ਹਾਂ ਨਾਲ ਉਨ੍ਹਾਂ ਨੇ ਦੋ-ਪੱਖੀ ਬੈਠਕ ਕੀਤੀ। 20 ਜਨਵਰੀ ਨੂੰ ਬਾਈਡੇਨ ਦੇ ਅਮਰੀਕੀ ਰਾਸ਼ਟਰਪਤੀ ਦੇ ਰੂਪ ਵਿਚ ਅਹੁਦਾ ਸੰਭਾਲਣ ਮਗਰੋਂ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਬੈਠਕ ਸੀ। ਪ੍ਰਧਾਨ ਮੰਤਰੀ ਮੋਦੀ ਨੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਕਈ ਅਮਰੀਕੀ ਕੰਪਨੀਆਂ ਦੇ ਸੀ. ਈ. ਓ. ਨਾਲ ਵੀ ਦੋ-ਪੱਖੀ ਬੈਠਕਾਂ ਕੀਤੀਆਂ। 

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਕੋਵਿਡ-19 ਮਹਾਮਾਰੀ ਤੋਂ ਬਾਅਦ ਪਹਿਲੇ ਵਿਅਕਤੀਗਤ ਰੂਪ ਨਾਲ ਕਵਾਡ ਸ਼ਿਖਰ ਸੰਮੇਲਨ ਦੇ ਮੌਕੇ ਮੁਲਾਕਾਤ ਕੀਤੀ। ਆਪਣੀ ਅਮਰੀਕੀ ਯਾਤਰਾ ਦੌਰਾਨ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਨੂੰ ਵੀ ਸੰਬੋਧਿਤ ਕੀਤਾ। 

Tanu

This news is Content Editor Tanu