ਪੀ.ਐੱਮ. ਮੋਦੀ ਨੇ ਦਿੱਤੀ ਸੰਸਦ ਮੈਂਬਰਾਂ ਨੂੰ ਨਸੀਹਤ

02/09/2018 2:30:19 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੂੰ ਸ਼ੁੱਕਰਵਾਰ ਨੂੰ ਨਸੀਹਤ ਦਿੱਤੀ ਕਿ ਉਹ ਆਮ ਬਜਟ 'ਚ ਗਰੀਬਾਂ ਅਤੇ ਕਿਸਾਨਾਂ ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚੁੱਕੇ ਗਏ ਕਦਮਾਂ ਅਤੇ ਚਾਰ ਸਾਲ ਦੀਆਂ ਉਪਲੱਬਧੀਆਂ ਨੂੰ ਜਨਤਾ ਦਰਮਿਆਨ ਲੈ ਜਾਣ। ਮੋਦੀ ਨੇ ਸਵੇਰੇ ਸੰਸਦ ਦੇ ਲਾਇਬਰੇਰੀ ਭਵਨ 'ਚ ਪਾਰਟੀ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ 2014 'ਚ ਸੱਤਾ ਸੰਭਾਲਣ ਤੋਂ ਬਾਅਦ ਦੇਸ਼ ਦੀ ਆਰਥਿਕ ਤਰੱਕੀ ਦੀ ਰਫਤਾਰ ਤੇਜ਼ ਕਰਨ ਦੇ ਨਾਲ ਗਰੀਬਾਂ ਅਤੇ ਕਿਸਾਨਾਂ ਲਈ ਸਿਲਸਿਲੇਵਾਰ ਢੰਗ ਨਾਲ ਕਦਮ ਚੁੱਕੇ। ਭ੍ਰਿਸ਼ਟਾਚਾਰ ਦੇ ਖਾਤਮੇ, ਅੰਦਰੂਨੀ ਸੁਰੱਖਿਆ, ਗਲੋਬਲ ਪ੍ਰਭਾਵ 'ਚ ਵਾਧਾ ਆਦਿ ਖੇਤਰਾਂ 'ਚ ਬੇਮਿਸਾਲ ਉਪਲੱਬਧੀਆਂ ਹਾਸਲ ਹੋਈਆਂ ਹਨ।
ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਬੂਥਰ ਪੱਧਰ 'ਤੇ ਜਾ ਕੇ ਵਰਕਰਾਂ ਨੂੰ ਇਨ੍ਹਾਂ ਉਪਲੱਬਧੀਆਂ ਨੂੰ ਦੱਸਣਾ ਹੋਵੇਗਾ ਅਤੇ ਉਨ੍ਹਾਂ ਨੂੰ ਤੱਤਾਂ ਨਾਲ ਲੈਸ ਕਰ ਕੇ ਚੋਣਾਵੀ ਮੁਹਿੰਮ ਲਈ ਤਿਆਰ ਹੋਣਾ ਹੋਵੇਗਾ। ਉਨ੍ਹਾਂ ਨੇ ਇਸ ਵਾਰ ਦੇ ਬਜਟ 'ਚ ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਅਤੇ 10 ਕਰੋੜ ਗਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਪਰਿਵਾਰ ਦਾ ਡਾਕਟਰੀ ਬੀਮਾ ਦੇਣ ਦੇ ਫੈਸਲਿਆਂ ਦੇ ਜ਼ਮੀਨੀ ਪੱਧਰ 'ਤੇ ਪੈਣ ਵਾਲੇ ਅਸਰ ਬਾਰੇ ਜਨ ਜਾਗਰੂਕਤਾ ਮੁਹਿੰਮ ਚਲਾਉਣ ਦੀ ਸਲਾਹ ਦਿੱਤੀ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਦੇ ਦੋਹਾਂ ਸਦਨਾਂ 'ਚ ਦਿੱਤੇ ਗਏ ਭਾਸ਼ਣਾਂ ਤੋਂ ਸੂਤਰ ਲੈ ਕੇ ਵਿਰੋਧੀ ਧਿਰ ਨੇ ਸਿਆਸੀ ਮੁਕਾਬਲੇ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ। ਸੰਸਦੀ ਦਲ ਦੀ ਬੈਠਕ ਤੋਂ ਬਾਅਦ ਮੋਦੀ ਫਲਸਤੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਚਾਰ ਦਿਨਾ ਯਾਤਰਾ 'ਤੇ ਰਵਾਨਾ ਹੋ ਗਏ।