ਪੀ. ਐੱਮ. ਮੋਦੀ ਦੀ ਫੈਨ ਹੋਈ ਦੁਨੀਆ, ਹੁਣ ਮਿਲੇਗਾ ਇਹ ਪੁਰਸਕਾਰ
Wednesday, Oct 24, 2018 - 12:16 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਛੇਤੀ ਹੀ ਇਕ ਹੋਰ ਉਪਲੱਬਧੀ ਜੁੜਨ ਜਾ ਰਹੀ ਹੈ। ਦਰਅਸਲ ਮੋਦੀ ਨੂੰ ਆਪਣੀਆਂ ਵਿਸ਼ੇਸ਼ ਆਰਥਿਕ ਨੀਤੀਆਂ ਨਾਲ ਗਲੋਬਲ ਅਤੇ ਭਾਰਤੀ ਅਰਥਵਿਵਸਥਾ ਦੇ ਵਿਕਾਸ 'ਚ ਯੋਗਦਾਨ ਨੂੰ ਦੇਖਦੇ ਹੋਏ ਸਿਓਲ ਪੀਸ ਪ੍ਰਾਈਜ਼ (ਸ਼ਾਂਤੀ ਪੁਰਸਕਾਰ) ਲਈ ਚੁਣਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਅੱਜ ਟਵਿੱਟਰ 'ਤੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਮੋਦੀ ਦੁਨੀਆ ਦੇ ਇਸ ਸਨਮਾਨ ਨੂੰ ਹਾਸਲ ਕਰਨ ਵਾਲੀ 14ਵੀਂ ਸ਼ਖਸੀਅਤ ਹਨ। ਸਿਓਲ ਸ਼ਾਂਤੀ ਪੁਰਸਕਾਰ ਕਲਚਰਲ ਫਾਊਂਡੇਸ਼ਨ ਦੇ ਮੁਖੀ ਵੋਨ ਈ-ਹਿਊਕ ਦੀ ਪ੍ਰਧਾਨਗੀ 'ਚ ਇਸ ਪੁਰਸਕਾਰ ਦਾ ਐਲਾਨ ਕੀਤਾ ਗਿਆ। ਫਾਊਂਡੇਸ਼ਨ ਨੇ ਅਮੀਰਾਂ ਅਤੇ ਗਰੀਬਾਂ ਵਿਚਾਲੇ ਸਮਾਜਿਕ ਅਤੇ ਆਰਥਿਕ ਅਸਮਾਨਤਾ ਨੂੰ ਘੱਟ ਕਰਨ ਲਈ 'ਮੋਦੀਨੋਮਿਕਸ' ਦੀ ਪ੍ਰਸ਼ੰਸਾ ਕੀਤੀ ਹੈ।
ਚੋਣ ਕਮੇਟੀ ਦੇ ਪ੍ਰਧਾਨ ਚੋ ਚੁੰਗ-ਹੂ ਨੇ ਕਿਹਾ ਕਿ 12 ਮੈਂਬਰੀ ਕਮੇਟੀ ਨੇ ਦੁਨੀਆ ਭਰ ਦੇ 100 ਤੋਂ ਵੱਧ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਤੋਂ ਬਾਅਦ ਪੀ. ਐੱਮ. ਮੋਦੀ ਨੂੰ ਚੁਣਿਆ। ਕਮੇਟੀ ਨੇ ਮੋਦੀ ਨੂੰ ਵਧੀਆ ਉਮੀਦਵਾਰ ਮੰਨਿਆ ਹੈ। ਪੁਰਸਕਾਰ ਦੇ ਨਾਲ-ਨਾਲ ਮੋਦੀ ਨੂੰ 2 ਲੱਖ ਡਾਲਰ ਦੀ ਰਾਸ਼ੀ ਤੋਹਫੇ ਵਜੋਂ ਦਿੱਤੀ ਜਾਵੇਗੀ। ਕਮੇਟੀ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਤੇ ਨੋਟਬੰਦੀ ਜ਼ਰੀਏ ਸਰਕਾਰ ਨੂੰ 'ਸਾਫ' ਰੱਖਣ ਲਈ ਮੋਦੀ ਦੀਆਂ ਕੋਸ਼ਿਸ਼ਾਂ ਦੀ ਤਾਰੀਫ ਕੀਤੀ। ਇੱਥੇ ਦੱਸ ਦੇਈਏ ਕਿ ਇਸ ਸਾਲ ਇਹ ਦੂਜਾ ਮੌਕਾ ਹੈ, ਜਦੋਂ ਮੋਦੀ ਨੂੰ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੀਤੇ ਮਹੀਨੇ ਮੋਦੀ ਨੂੰ ਸੰਯੁਕਤ ਰਾਸ਼ਟਰ ਦਾ ਸਭ ਤੋਂ ਵੱਡਾ ਵਾਤਾਵਰਣ ਸਨਮਾਨ ਵੀ ਦਿੱਤਾ ਗਿਆ ਸੀ। ਵਾਤਾਵਰਣ ਦੇ ਖੇਤਰ ਵਿਚ ਯੋਗਦਾਨ ਲਈ ਮੋਦੀ ਨੂੰ 'ਚੈਂਪੀਅਨ ਆਫ ਦਿ ਅਰਥ' ਐਵਾਰਡ ਨਾਲ ਸਨਮਾਨਤ ਕੀਤਾ ਸੀ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਨੇ ਖੁਦ ਨਵੀਂ ਦਿੱਲੀ ਆ ਕੇ ਮੋਦੀ ਨੂੰ ਇਸ ਸਨਮਾਨ ਨਾਲ ਨਵਾਜਿਆ ਸੀ।