ਪ੍ਰਧਾਨ ਮੰਤਰੀ ਮੋਦੀ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਪਹੁੰਚੇ ਇਟਲੀ, ਹੋਇਆ ਨਿੱਘਾ ਸਵਾਗਤ

10/29/2021 2:47:45 PM

ਰੋਮ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਪਹੁੰਚੇ, ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੋਦੀ ਇੱਥੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਗਲੋਬਲ ਅਰਥਵਿਵਸਥਾ ਅਤੇ ਸਿਹਤ ਖੇਤਰ ਦੀ ਰਿਕਵਰੀ, ਟਿਕਾਊ ਵਿਕਾਸ ਅਤੇ ਜਲਵਾਯੂ ਤਬਦੀਲੀ 'ਤੇ ਹੋਰ ਨੇਤਾਵਾਂ ਨਾਲ ਚਰਚਾ ਕਰਨਗੇ। ਇੱਥੇ ਪਹੁੰਚਣ ਤੋਂ ਬਾਅਦ ਮੋਦੀ ਨੇ ਟਵੀਟ ਕੀਤਾ,''ਮਹੱਤਵਪੂਰਣ ਗਲੋਬਲ ਮੁੱਦਿਆਂ 'ਤੇ ਚਰਚਾ ਕਰਨ ਲਈ ਮਹੱਤਵਪੂਰਨ ਮੰਚ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ ਰੋਮ ਪਹੁੰਚ ਗਿਆ ਹਾਂ। ਮੈਂ ਰੋਮ ਦੀ ਇਸ ਫੇਰੀ ਰਾਹੀਂ ਹੋਰ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਹਾਂ।''

ਵਿਦੇਸ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,“ਪ੍ਰਧਾਨ ਮੰਤਰੀ ਮੋਦੀ 16ਵੇਂ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਹਨ।'' ਇਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦਾ ਇਟਲੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਇਟਲੀ ਵਿਚ ਭਾਰਤ ਦੇ ਰਾਜਦੂਤ ਨੇ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ,''ਰੋਮ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੋਮ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਦੋ-ਪੱਖੀ ਅਤੇ ਬਹੁਪੱਖੀ ਪ੍ਰੋਗਰਾਮਾਂ ਵਿਚ ਵਿਆਪਕ ਤੌਰ 'ਤੇ ਹਿੱਸਾ ਲੈਣ ਲਈ ਮੋਦੀ ਉਤਸ਼ਾਹਿਤ ਹਨ।'' ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਮੋਦੀ ਨੇ ਕਿਹਾ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਘੀ ਦੇ ਸੱਦੇ 'ਤੇ 29 ਤੋਂ 31 ਅਕਤੂਬਰ ਤੱਕ ਰੋਮ ਅਤੇ ਵੈਟੀਕਨ ਦੀ ਯਾਤਰਾ 'ਤੇ ਹੋਣਗੇ। ਇਸ ਤੋਂ ਬਾਅਦ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਸੱਦੇ 'ਤੇ 1 ਅਤੇ 2 ਨਵੰਬਰ ਨੂੰ ਬ੍ਰਿਟੇਨ ਦੇ ਗਲਾਸਗੋ 'ਚ ਰੁਕਣਗੇ। 

ਪੜ੍ਹੋ ਇਹ ਅਹਿਮ ਖ਼ਬਰ- H-1B ਮਾਲਕਾਂ ਲਈ ਵੱਡੀ ਜਿੱਤ, 'ਮਾਰਕੀਟ ਖੋਜ ਵਿਸ਼ਲੇਸ਼ਕਾਂ' ਨੂੰ ਇੱਕ ਵਿਸ਼ੇਸ਼ ਪੇਸ਼ੇ ਵਜੋਂ ਮਿਲੀ ਮਨਜ਼ੂਰੀ

ਮੋਦੀ ਨੇ ਕਿਹਾ,"ਰੋਮ ਵਿੱਚ, ਮੈਂ ਜੀ-20 ਦੇਸ਼ਾਂ ਦੇ ਸਮੂਹ ਦੇ 16ਵੇਂ ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਾਂਗਾ ਅਤੇ ਇਸਦੇ ਨੇਤਾਵਾਂ ਨਾਲ ਇਸ ਬਾਰੇ ਚਰਚਾ ਕਰਾਂਗਾ ਕਿ ਮਹਾਮਾਰੀ ਨਾਲ ਪ੍ਰਭਾਵਿਤ ਵਿਸ਼ਵਵਿਆਪੀ ਅਰਥਚਾਰੇ ਅਤੇ ਸਿਹਤ ਖੇਤਰ ਦੀ ਰਿਕਵਰੀ, ਟਿਕਾਊ ਵਿਕਾਸ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਤੋਂ ਕਿਵੇਂ ਉਭਰਿਆ ਜਾਵੇ।" ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦੇ ਫੈਲਣ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਖਰ ਸੰਮੇਲਨ ਵਿੱਚ ਆਪਣੀ ਮੌਜੂਦਗੀ ਨੂੰ ਦਰਸਾਉਣਗੇ। ਉਨ੍ਹਾਂ ਨੇ ਕਿਹਾ ਕਿ ਜੀ-20 ਦੀ ਬੈਠਕ ਮੌਜੂਦਾ ਵਿਸ਼ਵ ਸਥਿਤੀ ਅਤੇ ਮਹਾਮਾਰੀ ਤੋਂ ਬਾਅਦ ਇਕ ਸਮਾਵੇਸ਼ੀ ਅਤੇ ਟਿਕਾਊ ਢੰਗ ਨਾਲ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗੀ। 

ਉਨ੍ਹਾਂ ਨੇ ਕਿਹਾ,''ਇਟਲੀ ਦੀ ਆਪਣੀ ਯਾਤਰਾ 'ਤੇ ਮੈਂ ਵੈਟੀਕਨ ਸਿਟੀ ਵੀ ਜਾਵਾਂਗਾ ਅਤੇ ਪੋਪ ਫਰਾਂਸਿਸ ਅਤੇ ਇਸ ਦੇ 'ਸਕੱਤਰ' ਕਾਰਡੀਨਲ ਪੀਟਰੋ ਪੈਰੋਲੀਨ ਨਾਲ ਵੀ ਮੁਲਾਕਾਤ ਕਰਾਂਗਾ ਅਤੇ ਭਾਰਤ ਨਾਲ ਦੁਵੱਲੇ ਸਬੰਧਾਂ 'ਚ ਪ੍ਰਗਤੀ ਦੀ ਸਮੀਖਿਆ ਵੀ ਕਰਾਂਗਾ।  ਜੀ-20 ਸੰਮੇਲਨ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਹੋਰ ਸਹਿਯੋਗੀ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਭਾਰਤ ਨਾਲ ਦੋ-ਪੱਖੀ ਰਿਸ਼ਤਿਆਂ ਵਿਚ ਤਰੱਕੀ ਦੀ ਸਮੀਖਿਆ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਦੌਰੇ ਦੌਰਾਨ ਵੱਖ-ਵੱਖ ਦੁਵੱਲੇ ਅਤੇ ਭਾਈਚਾਰਕ ਨਾਲ ਸਬੰਧਤ ਸਮਾਗਮ ਵੀ ਹੋਣਗੇ।

ਮੋਦੀ ਦਾ ਅੱਜ ਦਾ ਪ੍ਰੋਗਰਾਮ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਦਿਨਾਂ ਵਿਦੇਸ਼ ਦੌਰੇ 'ਤੇ ਅੱਜ ਇਟਲੀ ਪਹੁੰਚ ਗਏ ਹਨ। 

- ਰੋਮ ਤੋਂ ਬਾਅਦ ਪੀਐਮ ਮੋਦੀ ਵੈਟੀਕਨ ਵੀ ਜਾਣਗੇ ਜਿੱਥੇ ਉਹ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਨਗੇ। 

- ਇਸ ਤੋਂ ਪਹਿਲਾਂ ਉਹ ਅੱਜ ਬਾਅਦ ਦੁਪਹਿਰ 3:30 ਵਜੇ ਰੋਮ 'ਚ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।

- ਇਸ ਦੇ ਨਾਲ ਹੀ ਉਹ ਭਾਰਤੀ ਸਮੇਂ ਮੁਤਾਬਕ ਸ਼ਾਮ 5:30 ਵਜੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰਾਗੀ ਨਾਲ ਮੁਲਾਕਾਤ ਕਰਨਗੇ। 

- ਇਟਲੀ ਤੋਂ ਬਾਅਦ ਪੀਐਮ ਮੋਦੀ ਯੂਕੇ ਦੇ ਗਲਾਸਗੋ ਜਾਣਗੇ ਜਿੱਥੇ ਉਹ ਜਲਵਾਯੂ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਮੇਤ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

Vandana

This news is Content Editor Vandana