ਪੀ. ਐਮ. ਮੋਦੀ ਦੇ ਓਮਾਨ ਦੌਰੇ ਨੂੰ ਲੈ ਕੇ ਪ੍ਰਵਾਸੀ ਭਾਰਤੀਆਂ ''ਚ ਉਤਸ਼ਾਹ

02/06/2018 1:26:40 PM

ਮਸਕਟ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਖਾੜ੍ਹੀ ਦੇਸ਼ਾਂ ਦੀ ਯਾਤਰਾ 10 ਫਰਵਰੀ ਤੋਂ ਸ਼ੁਰੂ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ, ਇਸ ਯਾਤਰਾ ਦੌਰਾਨ ਪੀ. ਐਮ. ਮੋਦੀ ਫਿਲੀਸਤੀਨ, ਦੁਬਈ ਅਤੇ ਓਮਾਨ ਜਾਣਗੇ ਅਤੇ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਫਿਲੀਸਤੀਨੀ ਦੌਰਾ ਹੋਵੇਗਾ। ਇਸ ਦੌਰਾਨ ਕਈ ਖਾਸ ਪ੍ਰੋਗਰਾਮ ਹੋਣਗੇ ਉਨ੍ਹਾਂ ਵਿਚੋਂ ਇਕ ਓਮਾਨ ਵਿਚ ਆਯੋਜਿਤ ਹੋਵੇਗਾ। ਇਸ ਲਈ ਓਮਾਨ ਦੇ ਪ੍ਰਵਾਸੀ ਭਾਰਤੀਆਂ ਵਿਚਕਾਰ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਦਰਅਸਲ ਓਮਾਨ ਦੀ ਰਾਜਧਾਨੀ ਮਸਕਟ ਦੇ ਸੁਲਤਾਨ ਕਬੂਸ ਸਪੋਰਟਸ ਕੰਪਲੈਕਸ ਵਿਚ 11 ਫਰਵਰੀ ਨੂੰ ਪੀ. ਐਮ. ਮੋਦੀ ਪ੍ਰਵਾਸੀ ਭਾਤਰੀਆਂ ਨੂੰ ਸੰਬੋਧਿਤ ਕਰਨਗੇ।
ਦੱਸਣਯੋਗ ਹੈ ਕਿ ਓਮਾਨ ਦੀ ਜਨਸੰਖਿਆ ਦਾ 20 ਫੀਸਦੀ ਭਾਰਤ ਦੇ ਹਿੱਸੇ ਵਿਚ ਆਉਂਦਾ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਉਥੋਂ ਦੇ ਐਨ. ਆਰ. ਆਈ ਵਿਚ ਬਹੁਤ ਉਤਸ਼ਾਹ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਸੁਨਣ ਲਈ ਭਾਰੀ ਭੀੜ ਜਮ੍ਹਾ ਹੋਵੇਗੀ। ਪੀ. ਐਮ ਮੋਦੀ 11 ਫਰਵਰੀ ਦੀ ਸ਼ਾਮ ਨੂੰ ਮਸਕਟ ਵਿਚ ਇਤਿਹਾਸਕ ਕਮਿਊਨਿਟੀ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ ਅਤੇ ਅਗਲੇ ਦਿਨ 12 ਫਰਵਰੀ ਨੂੰ ਓਮਾਨ ਵਿਚ ਕੁੱਝ ਸੀ. ਈ. ਓ ਨਾਲ ਬੈਠਕ ਕਰਨਗੇ। ਉਥੇ ਹੀ ਇਕ ਮਸਜਿਦ ਵਿਚ ਵੀ ਪੀ. ਐਮ ਜਾਣਗੇ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਜਦੋਂ ਫਾਦਰ ਟੋਮ ਨੂੰ ਰਿਹਾਅ ਕਰਾਇਆ ਗਿਆ ਸੀ, ਉਦੋਂ ਇਸ ਵਿਚ ਓਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਰਤੀ ਨਾਗਰਿਕ ਫਾਦਰ ਟੋਮ ਨੂੰ ਯਮਨ ਵਿਚ ਆਈ. ਐਸ ਨੇ ਅਗਵਾ ਕਰ ਲਿਆ ਸੀ।