ਸੁਤੰਤਰਤਾ ਦਿਵਸ ਦੇ ਮੌਕੇ ''ਤੇ ਰੇਲ ਮੰਤਰੀ ਨੇ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ

08/16/2019 1:45:29 PM

ਨਵੀਂ ਦਿੱਲੀ—ਭਾਰਤੀ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਨੂੰ ਸੁਰੱਖਿਅਤ ਸਫਰ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਪਹਿਲ ਤਹਿਤ ਰੇਲ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਹੈ ਕਿ ਹੁਣ ਰੇਲਵੇ ਖੁਦ ਦੀ ਕਮਾਂਡੋ ਫੋਰਸ ਤਿਆਰ ਕਰ ਰਹੀ ਹੈ। ਇਸ ਤੋਂ ਬਾਅਦ ਰੇਲ 'ਚ ਹੁਣ ਤੁਹਾਡਾ ਸਫਰ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਵੇਗਾ। ਵਰਲਡ ਕਲਾਸ ਟ੍ਰੇਨਿੰਗ ਵਾਲੇ ਇਹ ਕਮਾਂਡੋ 24 ਘੰਟੇ ਟ੍ਰੇਨ ਦੀ ਸੁਰੱਖਿਆ 'ਚ ਤਾਇਨਾਤ ਰਹਿਣਗੇ। ਰੇਲਵੇ ਦੀ ਹੁਣ ਆਪਣੀ ਕਮਾਂਡੋ ਫੋਰਸ ਹੋਵੇਗੀ ਜੋ ਨਕਸਲ ਅਤੇ ਅੱਤਵਾਦੀ ਹਮਲੇ ਤੋਂ ਇਲਾਵਾ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਰੇਲ ਯਾਤਰੀਆਂ ਅਤੇ ਰੇਲ ਸੰਪੱਤੀ ਦੀ ਰੱਖਿਆ ਲਈ ਤਿਆਰ ਰਹਿਣਗੇ।

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਖਾਸ ਫੋਰਸ ਨੂੰ 'ਕੋਰਸ' ਦਾ ਨਾਂ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ 'ਕਮਾਂਡੋਜ਼ ਫਾਰ ਰੇਲਵੇ ਸਕਿਓਰਿਟੀ' ਹੈ। ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ 1,200 ਕੋਰਸ ਕਮਾਂਡੋਜ਼ ਨੂੰ ਰੇਲਵੇ ਸੁਰੱਖਿਆ ਲਈ ਤਾਇਨਾਤ ਕੀਤਾ। ਇਹ ਕਮਾਂਡੋ ਖਾਸ ਤੌਰ 'ਤੇ ਕਸ਼ਮੀਰ, ਉਤਰ ਪੂਰਬ ਸੂਬਾ ਸਮੇਤ ਦੂਜੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਭੇਜੇ ਜਾਣਗੇ। ਕੋਰਸ ਨੂੰ ਲਾਂਚ ਕਰਨ ਮੌਕੇ ਪਿਊਸ਼ ਗੋਇਲ ਨੇ ਕਿਹਾ ਕਿ ਇਨ੍ਹਾਂ ਖਾਸ ਕਮਾਂਡੋਜ਼ ਨੂੰ ਵਰਲਡ ਟ੍ਰੇਨਿੰਗ ਦਿੱਤੀ ਜਾਵੇਗੀ। 

ਇਸ ਪ੍ਰੋਗਰਾਮ 'ਚ ਰੇਲ ਮੰਤਰੀ ਨੇ ਇਹ ਵੀ ਕਿਹਾ ਕਿ ਟਿਕਟ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ 'ਚ ਇਸ ਖਿਲਾਫ ਹੋਰ ਸਖਤ ਕਦਮ ਚੁੱਕੇ ਜਾਣਗੇ। ਹੁਣ ਰੇਲ ਦਾ ਸਫਰ ਹੋਰ ਸੁਰੱਖਿਅਤ ਹੋ ਜਾਵੇਗਾ ਅਤੇ ਟਿਕਟ ਦੀ ਕਾਲਾਬਾਜ਼ਾਰੀ 'ਤੇ ਵੀ ਸਰਜੀਕਲ ਸਟ੍ਰਾਈਕ ਹੋਵੇਗੀ ਤਾਂ ਕਿ ਤੁਹਾਨੂੰ ਸਮੇਂ 'ਤੇ ਟਿਕਟ ਮਿਲ ਸਕੇ।

Iqbalkaur

This news is Content Editor Iqbalkaur