ਸੁਪਰੀਮ ਕੋਰਟ ਪੁੱਜਾ ਓਡੀਸ਼ਾ ਰੇਲ ਹਾਦਸੇ ਦਾ ਮਾਮਲਾ, ਪਟੀਸ਼ਨ ''ਚ ਕੀਤੀ ਗਈ ਇਹ ਮੰਗ

06/04/2023 6:07:56 PM

ਨਵੀਂ ਦਿੱਲੀ- ਓਡੀਸ਼ਾ ਰੇਲ ਹਾਦਸੇ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਇਕ ਮਾਹਰ ਪੈਨਲ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਜਨਹਿੱਤ ਪਟੀਸ਼ਨ 'ਚ ਲੋਕਾਂ ਦੀ ਸੁਰੱਖਿਆ ਲਈ ਤੁਰੰਤ ਪ੍ਰਭਾਵ ਨਾਲ ਭਾਰਤੀ ਰੇਲਵੇ 'ਚ ਸਵੈਚਲਿਤ ਰੇਲ ਸੁਰੱਖਿਆ (ਏ.ਟੀ.ਪੀ) ਸਿਸਟਮ (ਕਵਚ ਸੁਰੱਖਿਆ ਸਿਸਟਮ) ਨੂੰ ਲਾਗੂ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-  ਓਡੀਸ਼ਾ ਰੇਲ ਹਾਦਸਾ: CM ਨਵੀਨ ਪਟਨਾਇਕ ਵਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ

ਰੇਲ ਹਾਦਸੇ ਦੇ ਕਾਰਨਾਂ ਦੀ ਪਛਾਣ ਕਰ ਲਈ ਗਈ ਹੈ-ਰੇਲ ਮੰਤਰੀ

ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਐਤਵਾਰ ਨੂੰ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਸਹੀ ਕਾਰਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਹਾਦਸੇ ਨਾਲ ਪ੍ਰਭਾਵਿਤ ਪਟੜੀਆਂ ਨੂੰ ਬੁੱਧਵਾਰ ਤੱਕ ਆਮ ਸੇਵਾਵਾਂ ਲਈ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ‘ਪੁਆਇੰਟ ਮਸ਼ੀਨ’ ਅਤੇ ‘ਇਲੈਕਟ੍ਰੋਨਿਕ ਇੰਟਰਲਾਕਿੰਗ’ ਸਿਸਟਮ ਨਾਲ ਸਬੰਧਤ ਹੈ। ਵੈਸ਼ਣਵ ਨੇ ਇਸ ਘਟਨਾ ਦਾ ‘ਕਵਚ’ ਸਿਸਟਮ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ। ਰੇਲ ਮੰਤਰੀ ਨੇ ਕਿਹਾ ਕਿ ਹਾਦਸੇ ਦੀ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਜਿਵੇਂ ਹੀ ਰੇਲਵੇ ਸੁਰੱਖਿਆ ਕਮਿਸ਼ਨਰ (ਸੀ. ਆਰ. ਐਸ) ਆਪਣੀ ਰਿਪੋਰਟ ਦੇਣਗੇ, ਸਾਰੇ ਵੇਰਵਿਆਂ ਦਾ ਪਤਾ ਲੱਗ ਜਾਵੇਗਾ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: CM ਪਟਨਾਇਕ ਨੇ ਫੋਨ 'ਤੇ PM ਮੋਦੀ ਨੂੰ ਤਾਜ਼ਾ ਸਥਿਤੀ ਬਾਰੇ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਬਾਲਾਸੋਰ ਜ਼ਿਲ੍ਹੇ ਵਿਚ ਸ਼ੁੱਕਰਵਾਰ ਦੀ ਸ਼ਾਮ ਲੱਗਭਗ 7 ਵਜੇ ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈਸ ਰੇਲ ਦੇ ਪਟੜੀ ਤੋਂ ਉਤਰਨ ਅਤੇ ਇਕ ਮਾਲ ਗੱਡੀ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿਚ 288 ਲੋਕਾਂ ਦੀ ਮੌਤ ਹੋ ਗਈ ਅਤੇ 1100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਇਸ ਹਾਦਸੇ ਨੂੰ ਭਾਰਤ ਦੇ ਹੁਣ ਤੱਕ ਦੀ ਸਭ ਤੋਂ ਭਿਆਨਕ ਰੇਲ ਹਾਦਸਿਆਂ ਵਿਚੋਂ ਇਕ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਓਡੀਸ਼ਾ ਰੇਲ ਹਾਦਸੇ ਦਾ ਖ਼ੌਫਨਾਕ ਮੰਜ਼ਰ; ਮਾਪੇ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਨੇ ਵੀ ਤੋੜਿਆ ਦਮ

Tanu

This news is Content Editor Tanu