ਬੇਨਕਾਬ ਹੋਇਆ ਪਾਕਿਸਤਾਨ, ਤਬਾਹ ਕੀਤੇ ਐੱਫ-16 ਦੇ ਮਲਬੇ ਦੀ ਤਸਵੀਰ ਆਈ ਸਾਹਮਣੇ

02/28/2019 12:57:06 PM

ਨਵੀਂ ਦਿੱਲੀ— ਮੰਗਲਵਾਰ ਤੜਕੇ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਕੱਲ ਯਾਨੀ ਕਿ ਬੁੱਧਵਾਰ ਨੂੰ ਭਾਰਤੀ ਹਵਾਈ ਖੇਤਰ ਵਿਚ ਪਾਕਿਸਤਾਨ ਦਾ ਲੜਾਕੂ ਜਹਾਜ਼ ਦਾਖਲ ਹੋਇਆ ਸੀ। ਜਵਾਬੀ ਕਾਰਵਾਈ ਕਰਦਿਆਂ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਤਬਾਹ ਕਰ ਦਿੱਤਾ। ਹਮਲੇ ਦੀ ਨਾਕਾਮ ਕੋਸ਼ਿਸ਼ ਤੋਂ ਬਾਅਦ ਪਾਕਿਸਤਾਨ ਲਗਾਤਾਰ ਝੂਠ 'ਤੇ ਝੂਠ ਬੋਲਦਾ ਆ ਰਿਹਾ ਹੈ। ਅੱਜ ਇਕ ਨਿਊਜ਼ ਏਜੰਸੀ ਨੇ ਪਾਕਿਸਤਾਨ ਦੇ ਉਸ ਐੱਫ-16 ਲੜਾਕੂ ਜਹਾਜ਼ ਦੇ ਮਲਬੇ ਦੀ ਤਸਵੀਰ ਜਾਰੀ ਕੀਤੀ ਹੈ। ਇਸ ਤਸਵੀਰ 'ਚ ਮਲਬੇ ਕੋਲ ਪਾਕਿਸਤਾਨ ਦੇ ਨਾਰਦਰਨ ਲਾਈਟ ਇਨਫੈਂਟਰੀ ਦੇ ਅਧਿਕਾਰੀ ਖੜ੍ਹੇ ਹਨ। ਭਾਰਤੀ ਹਵਾਈ ਫੌਜ ਦੇ ਤਮਾਮ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਮਲਬਾ ਉਸੇ ਐੱਫ-16 ਜਹਾਜ਼ ਦਾ ਹੈ, ਜਿਸ ਨੂੰ ਤਬਾਹ ਕੀਤਾ ਗਿਆ ਸੀ ਅਤੇ ਮਲਬਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਡਿੱਗਿਆ ਸੀ।



ਪਾਕਿਸਤਾਨ ਨਾ ਸਿਰਫ ਆਪਣੇ ਕਿਸੇ ਜਹਾਜ਼ ਨੂੰ ਤਬਾਹ ਕੀਤੇ ਜਾਣ ਦੀ ਗੱਲ ਤੋਂ ਇਨਕਾਰ ਕਰ ਰਿਹਾ ਹੈ, ਸਗੋਂ ਕਿ ਉਸ ਦੀ ਫੌਜ ਦੇ ਬੁਲਾਰੇ ਤਾਂ ਇੱਥੋਂ ਤਕ ਝੂਠ ਬੋਲ ਰਹੇ ਹਨ ਕਿ ਐੱਫ-16 ਜਹਾਜ਼ ਦੀ ਵਰਤੋਂ ਹੋਈ ਹੀ ਨਹੀਂ। ਨਿਊਜ਼ ਏਜੰਸੀ ਨੇ ਐੱਫ-16 ਦੇ ਇੰਜਣ ਦੀ ਇਕ ਫਾਈਲ ਤਸਵੀਰ ਵੀ ਸ਼ੇਅਰ ਕੀਤੀ ਹੈ। 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪਾਕਿਸਤਾਨੀ ਮੀਡੀਆ ਲਗਾਤਾਰ ਝੂਠ ਬੋਲ ਰਿਹਾ ਹੈ। ਪਾਕਿਸਤਾਨੀ ਮੀਡੀਆ ਵਿਚ ਐੱਫ-16 ਦੇ ਮਲਬੇ ਨੂੰ ਭਾਰਤੀ ਮਿਗ-21 ਦਾ ਦੱਸਿਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਬੁੱਧਵਾਰ ਭਾਵ ਕੱਲ ਪਾਕਿਸਤਾਨ ਨੇ ਐੱਫ-16 ਜਹਾਜ਼ ਜ਼ਰੀਏ ਭਾਰਤੀ ਹਵਾਈ ਖੇਤਰ ਦਾ ਉਲੰਘਣ ਕੀਤਾ ਸੀ ਪਰ ਭਾਰਤੀ ਹਵਾਈ ਫੌਜ ਨੇ ਉਸ ਨੂੰ ਤਬਾਹ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਆਪਣੀ ਪ੍ਰੈੱਸ ਕਾਨਫੰਰਸ 'ਚ ਦੱਸਿਆ ਕਿ ਐੱਫ-16 ਨੂੰ ਤਬਾਹ ਕਰ ਦਿੱਤਾ ਗਿਆ, ਜਿਸ ਦਾ ਮਲਬਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਡਿੱਗਿਆ।

Tanu

This news is Content Editor Tanu