ਪਾਲਤੂ ਕੁੱਤੇ ਨੇ ਗੁੰਡਿਆਂ ਦੀਆਂ ਗੋਲੀਆਂ ਤੋਂ ਬਚਾਈ ਮਾਲਕਣ ਦੀ ਜਾਨ

01/18/2018 10:11:40 AM

ਕੋਲਕਾਤਾ — ਕੋਲਕਾਤਾ ਦੇ ਕਸਬਾ ਇਲਾਕੇ 'ਚ ਇਕ ਕੁੱਤੇ ਨੇ ਆਪਣੀ ਮਾਲਕਣ ਦੀ ਜਾਨ ਐਨ ਉਸ ਸਮੇਂ ਬਚਾ ਲਈ, ਜਦੋਂ ਦੋ ਬਦਮਾਸ਼ ਉਸ 'ਤੇ ਗੋਲੀ ਚਲਾ ਰਹੇ ਸਨ। ਕੁੱਤੇ ਨੇ ਆਪਣੀ ਮਾਲਕਣ 'ਤੇ ਛਾਲ ਮਾਰ ਕੇ ਉਸ ਨੂੰ ਸੁਰੱਖਿਅਤ ਭੱਜ ਜਾਣ ਦਾ ਮੌਕਾ ਦਿੱਤਾ।
ਦੋ ਸਥਾਨਕ ਗੁੰਡੇ ਮੁੰਨਾ ਪਾਂਡੇ ਅਤੇ ਬਿਧਾਨ ਨੇ ਕਥਿਤ ਤੌਰ 'ਤੇ ਸ਼ੀਲਾ ਰਾਏ ਦੇ ਜੋਗਿੰਦਰ ਗਾਰਡਨ ਸਥਿਤ ਘਰ 'ਚ ਸ਼ਨੀਵਾਰ ਸ਼ਾਮ ਧਾਵਾ ਬੋਲਿਆ ਕਿਉਂਕਿ ਉਸ ਦਾ ਪੁੱਤਰ ਇਕ ਪਲਾਟ 'ਤੇ ਕਬਜ਼ਾ ਕਰਨ ਦੇ ਇਨ੍ਹਾਂ ਦੋਵਾਂ ਗੁੰਡਿਆਂ ਦੇ ਯਤਨਾਂ ਦਾ ਵਿਰੋਧ ਕਰ ਰਿਹਾ ਸੀ। ਹਾਦਸੇ ਵਾਲੀ ਥਾਂ ਤੋਂ ਭੱਜਣ ਤੋਂ ਪਹਿਲਾਂ ਦੋਵਾਂ ਨੇ ਉਸ ਦੇ ਇਕ ਪੁੱਤਰ ਦੇ ਕਮਰੇ ਦੇ ਦਰਵਾਜ਼ੇ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਔਰਤ ਸ਼ੀਲਾ ਰਾਏ ਅਤੇ ਉਨ੍ਹਾਂ ਦੇ ਪਤੀ ਆਪਣੇ ਦੋਵਾਂ ਪੁੱਤਰਾਂ ਸੁਰਾਜੀਤ ਅਤੇ ਸੁਬਰਤ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ 2 ਕਮਰਿਆਂ 'ਚ ਰਹਿੰਦੇ ਹਨ। ਸੜਕ ਵਲੋਂ ਇਕ ਪਾਸੇ ਲੋਹੇ ਦੀ ਇਕ ਪੌੜੀ ਹੀ ਇਨ੍ਹਾਂ ਕਮਰਿਆਂ 'ਚ ਜਾਣ ਦਾ ਇਕੋ-ਇਕੋ ਰਾਹ ਹੈ।
ਘਟਨਾ ਬਾਰੇ ਦੱਸਦਿਆਂ ਸ਼ੀਲਾ ਨੇ ਕਿਹਾ ਕਿ ਉਹ ਆਪਣੇ ਕਮਰੇ 'ਚ ਸੁੱਤੀ ਪਈ ਸੀ, ਜਦੋਂ ਉਨ੍ਹਾਂ ਦੇ ਕੁੱਤੇ ਗੁਲਗੁਲ ਦੇ ਲਗਾਤਾਰ ਭੌਂਕਣ ਨਾਲ ਦੁਪਹਿਰ ਦੇ 12.20 ਵਜੇ ਦੇ ਲੱਗਭਗ ਉਸ ਦੀ ਨੀਂਦ ਖੁੱਲ੍ਹ ਗਈ। ਜਿਉਂ ਹੀ ਉਹ ਕਮਰੇ 'ਚੋਂ ਨਿਕਲ ਕੇ ਹੇਠਾਂ ਚਬੂਤਰੇ 'ਤੇ ਆਈ, ਦੋਵਾਂ ਗੁੰੰਡਿਆਂ 'ਚੋਂ ਬਿਧਾਨ ਨੇ ਉਸ 'ਤੇ ਪਿਸਤੌਲ ਤਾਣ ਲਿਆ। ਅਚਾਨਕ ਹੀ ਗੁਲਗੁਲ ਨੇ ਉਸ 'ਤੇ ਛਾਲ ਮਾਰ ਦਿੱਤੀ ਅਤੇ ਪਿਸਤੌਲ ਦਾ ਨਿਸ਼ਾਨਾ ਖੁੰਝ ਗਿਆ। ਉਹ ਫਟਾਫਟ ਅੰਦਰ ਆ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਪਰਿਵਾਰ ਦੇ ਮੈਂਬਰਾਂ ਨੂੰ ਦੋ ਵਾਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਨਹੀਂ ਲੱਗ ਰਿਹਾ ਸੀ ਕਿ ਗੋਲੀਆਂ ਕਿਸ ਨੇ ਚਲਾਈਆਂ ਸਨ। ਪੁਲਸ ਨੇ ਆ ਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮਕਾਨ ਦੇ ਚਬੂਤਰੇ 'ਤੇ ਚੱਲੀਆਂ ਹੋਈਆਂ ਗੋਲੀਆਂ ਦੇ 2 ਕਾਰਤੂਸ ਅਤੇ ਮਾਚਿਸ ਦੀਆਂ ਤੀਲੀਆਂ ਪਈਆਂ ਸਨ।
ਪੇਸ਼ੇ ਤੋਂ ਡਰਾਈਵਰ ਸੁਰਾਜੀਤ ਨੇ ਦੋਸ਼ ਲਾਇਆ ਕਿ ਮੁੰਨਾ ਅਤੇ ਬਿਧਾਨ ਨੇ ਉਨ੍ਹਾਂ ਦੇ ਕਮਰੇ ਦੇ ਦਰਵਾਜ਼ੇ 'ਤੇ ਤੇਲ ਛਿੜਕ ਕੇ ਅੱਗ ਲਾਈ ਸੀ। ''ਮੈਂ ਅੰਦਰੋਂ ਉਸ 'ਤੇ ਪਾਣੀ ਸੁੱਟ ਕੇ ਲਾਟਾਂ ਨੂੰ ਬੁਝਾਇਆ ਸੀ। ਉਸ ਸਮੇਂ ਮੇਰੀ ਪਤਨੀ ਤੇ ਬੱਚੇ ਵੀ ਕਮਰੇ 'ਚ ਮੌਜੂਦ ਸਨ।'' ਪਰਿਵਾਰ ਨੇ ਇਹ ਦੋਸ਼ ਲਾਇਆ ਹੈ ਕਿ ਮੁੰਨਾ ਤੇ ਬਿਧਾਨ ਨਾਲ ਕਈ ਹੋਰ ਲੋਕ ਵੀ ਸਨ, ਜੋ ਹੇਠਾਂ ਸੜਕ 'ਤੇ ਉਡੀਕ ਕਰ ਰਹੇ ਸਨ।
ਜਦੋਂ ਪੱਤਰਕਾਰ ਉਨ੍ਹਾਂ ਦੇ ਘਰ ਪਹੁੰਚੇ ਤਾਂ ਪੂਰਾ ਪਰਿਵਾਰ ਸ਼ੀਲਾ ਦੀ ਜਾਨ ਬਚਾਉਣ ਵਾਲੇ ਆਪਣੇ ਕੁੱਤੇ ਨੂੰ ਪਲੋਸ ਰਿਹਾ ਸੀ। ਸੁਰਾਜੀਤ ਨੇ ਦੱਸਿਆ ਕਿ ਉਹ 5 ਸਾਲ ਪਹਿਲਾਂ ਨਾਲਵਨ 'ਚ ਪਿਕਨਿਕ ਲਈ ਗਏ ਸਨ ਅਤੇ ਉਥੋਂ ਆਵਾਰਾ ਘੁੰਮ ਰਹੇ ਇਕ ਛੋਟੇ ਜਿਹੇ ਕਤੂਰੇ ਨੂੰ ਚੁੱਕ ਕੇ ਘਰ ਲੈ ਆਏ ਸਨ। ਉਦੋਂ ਤੋਂ ਉਹ ਉਨ੍ਹਾਂ ਨਾਲ ਹੀ ਰਹਿ ਰਿਹਾ ਹੈ।
ਪਰਿਵਾਰ ਨੇ ਬੇਸ਼ੱਕ ਇਸ ਘਟਨਾ ਵਿਰੁੱਧ ਕਸਬਾ ਥਾਣੇ 'ਚ ਐੱਫ. ਆਈ. ਆਰ. ਦਰਜ ਕਰਵਾਈ ਹੈ ਪਰ ਮੁੰਨਾ ਅਤੇ ਬਿਧਾਨ ਭਗੌੜੇ ਹੋ ਗਏ ਹਨ। ਹਮਲੇ ਦਾ ਕਾਰਨ ਪੁੱਛੇ ਜਾਣ 'ਤੇ ਪਰਿਵਾਰ ਨੇ ਦੱਸਿਆ ਕਿ ਮੁੰਨਾ ਅਤੇ ਬਿਧਾਨ 4 ਕੱਟਾ ਇਲਾਕੇ ਦੇ ਇਕ ਪਲਾਟ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਥੇ ਇਸ ਸਮੇਂ ਨਬਰੂਪ ਨਾਂ ਦੀ ਇਕ ਕਲੱਬ ਚੱਲਦੀ ਹੈ ਪਰ ਸੁਰਾਜੀਤ ਅਤੇ ਸੁਬਰਤ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਹ ਪਲਾਟ ਰੂਬੀ ਗਰਿਯਾਹਾਟ ਰੋਡ ਦੇ ਨੇੜੇ ਹੈ ਅਤੇ ਮੁੰਨਾ ਉਸ ਨੂੰ ਜਾਇਦਾਦ ਦੇ ਰੂਪ 'ਚ ਵਿਕਸਿਤ ਕਰਨਾ ਚਾਹੁੰਦਾ ਹੈ। ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਜ਼ਮੀਨ ਦੇ ਟੁਕੜੇ ਦਾ ਕੋਈ ਦਾਅਵੇਦਾਰ ਨਹੀਂ ਹੈ ਪਰ ਉਹ ਇਕ ਦਹਾਕੇ ਤੋਂ ਇਥੇ ਦੁਰਗਾ ਪੂਜਾ ਤੇ ਪਿਛਲੇ ਕੁਝ ਸਾਲਾਂ ਤੋਂ ਕਾਲੀ ਪੂਜਾ ਦਾ ਆਯੋਜਨ ਕਰਦੇ ਆ ਰਹੇ ਹਨ। ਸੁਬਰਤ ਖੁਦ ਉਸ ਕਲੱਬ ਦਾ ਮੈਂਬਰ ਹੈ ਪਰ ਸੁਰਾਜੀਤ ਮੈਂਬਰ ਨਾ ਹੋਣ ਦੇ ਬਾਵਜੂਦ ਉਥੇ ਨਿਯਮਿਤ ਤੌਰ 'ਤੇ ਆਉਂਦਾ-ਜਾਂਦਾ ਰਹਿੰਦਾ ਹੈ।
ਸ਼ੁਰੂ 'ਚ ਮੁੰਨਾ ਨੇ ਕਲੱਬ ਦੇ ਮੈਂਬਰਾਂ ਨੂੰ ਇਹ ਪਲਾਟ ਉਸ ਦੇ ਹਵਾਲੇ ਕਰਨ ਲਈ ਕਿਹਾ ਸੀ ਪਰ ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਮੁੰਨਾ ਭੜਕ ਉੱਠਿਆ। ਪਿਛਲੇ ਸਾਲ ਕਾਲੀ ਪੂਜਾ ਦੇ ਮੌਕੇ 'ਤੇ ਮੁੰਨਾ ਦੇ ਗੈਂਗ ਦੇ ਲੋਕਾਂ ਦਾ ਕਲੱਬ ਮੈਂਬਰਾਂ ਨਾਲ ਟਕਰਾਅ ਵੀ ਹੋਇਆ ਸੀ। ਉਸ ਮਗਰੋਂ 17 ਦਸੰਬਰ ਨੂੰ ਉਨ੍ਹਾਂ 'ਚ ਫਿਰ ਟਕਰਾਅ ਹੋਇਆ ਸੀ ਅਤੇ ਦੋਵਾਂ ਧਿਰਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਵਰਣਨਯੋਗ ਹੈ ਕਿ ਇਸ ਇਲਾਕੇ 'ਚ ਜਾਇਦਾਦ ਦਾ ਮੁੱਲ 6500 ਰੁਪਏ ਪ੍ਰਤੀ ਵਰਗ ਫੁੱਟ ਤੋਂ ਵੀ ਵੱਧ ਹੈ।