ਪਤਨੀ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਵਿਅਕਤੀ ਨੇ ਮਹਾਕਾਲੇਸ਼ਵਰ ਮੰਦਰ ’ਚ ਦਾਨ ਕਰ ਦਿੱਤੇ ਲੱਖਾਂ ਦੇ ਗਹਿਣੇ

10/26/2021 4:51:00 PM

ਉਜੈਨ- ਝਾਰਖੰਡ ਦੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਅੰਤਿਮ ਇੱਛਾ ਅਨੁਸਾਰ ਮੱਧ ਪ੍ਰਦੇਸ਼ ਦੇ ਉਜੈਨ ’ਚ ਸਥਿਤ ਵਿਸ਼ਵ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ’ਚ 17 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਦਾਨ ਕਰ ਦਿੱਤੇ। ਮੰਦਰ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਦਰ ਦੇ ਪ੍ਰਸ਼ਾਸਕ ਗਣੇਸ਼ ਕੁਮਾਰ ਨੇ ਦੱਸਿਆ ਕਿ ਰਸ਼ਮੀ ਪ੍ਰਭਾ ਦਾ ਕੁਝ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ। ਉਹ ਮਹਾਕਾਲੇਸ਼ਵਰ ਦੀ ਭਗਤ ਸੀ ਅਤੇ ਨਿਯਮਿਤ ਤੌਰ ’ਤੇ ਇੱਥੇ ਮੰਦਰ ਆਉਂਦੀ ਸੀ। ਲੰਬੇ ਸਮੇਂ ਤੋਂ ਬੀਮਾਰ ਰਹਿਣ ਤੋਂ ਬਾਅਦ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਇੱਛਾ ਜ਼ਾਹਰ ਕੀਤਾ ਸੀ ਕਿ ਉਨ੍ਹਾਂ ਦੇ ਗਹਿਣੇ ਮੰਦਰ ’ਚ ਭਗਵਾਨ ਨੂੰ ਭੇਟ ਕੀਤੇ ਜਾਣ। ਭਗਵਾਨ ਸ਼ਿਵ ਦੇ ਦੇਸ਼ ਭਰ ’ਚ ਸਥਿਤ 12 ਜੋਤੀਲਿੰਗ ਮੰਦਰਾਂ ’ਚੋਂ ਇਕ ਮਹਾਕਾਲੇਸ਼ਵਰ ਮੰਦਰ ਉਜੈਨ ’ਚ ਹੈ।

ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੇ ਕੀਤਾ ਟਵੀਟ, ਪੰਜਾਬ ਦੇ ਕਿਸਾਨਾਂ ਲਈ CM ਚੰਨੀ ਅੱਗੇ ਰੱਖ ਦਿੱਤੀ ਵੱਡੀ ਮੰਗ 

ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਬੋਕਾਰੋ, ਝਾਰਖੰਡ ਦੇ ਵਾਸੀ ਅਤੇ ਰਸ਼ਮੀ ਦੇ ਪਤੀ ਸੰਜੀਵ ਕੁਮਾਰ ਅਤੇ ਉਨ੍ਹਾਂ ਦੀ ਮਾਂ ਨੇ ਮੰਦਰ ’ਚ ਗਹਿਣੇ ਦਾਨ ਕਰ ਦਿੱਤੇ। ਇਨ੍ਹਾਂ ’ਚ ਹਾਰ, ਚੂੜੀਆਂ ਅਤੇ ਝੁਮਕੇ ਸ਼ਾਮਲ ਹਨ ਅਤੇ ਇਨ੍ਹਾਂ ਦਾ ਕੁੱਲ ਭਾਰ 310 ਗ੍ਰਾਮ ਹੈ, ਜਿਸ ਦੀ ਕੀਮਤ ਲਗਭਗ 17 ਲੱਖ ਰੁਪਏ ਹੈ। ਪਿਛਲੇ ਹਫ਼ਤੇ ਮੰਦਰ ਪ੍ਰਬੰਧਨ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਇਸ ਸਾਲ 28 ਜੂਨ ਤੋਂ 15 ਅਕਤੂਬਰ ਤੱਕ ਸਾਢੇ ਤਿੰਨ ਮਹੀਨਿਆਂ ਦੀ ਮਿਆਦ ’ਚ ਪ੍ਰਵੇਸ਼ ਟਿਕਟ, ਦਾਨ ਪੇਟੀਆਂ, ਭਸਮ ਆਰਤੀ ਲਈ ਬੁਕਿੰਗ ਅਤੇ ਲੱਡੂ ਪ੍ਰਸਾਦ ਦੀ ਵਿਕਰੀ ਤੋਂ ਕੁੱਲ 23.03 ਰੁਪਏ ਪ੍ਰਾਪਤ ਹੋਏ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਢਾਈ ਮਹੀਨੇ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਮਹਾਕਾਲੇਸ਼ਵਰ ਮੰਦਰ 28 ਜੂਨ ਤੋਂ ਭਗਤਾਂ ਲਈ ਮੁੜ ਖੋਲ੍ਹ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਲਖੀਮਪੁਰ ਖੀਰੀ ਮਾਮਲੇ 'ਚ ਕੀਤੀ ਇਹ ਮੰਗ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

DIsha

This news is Content Editor DIsha