ਨੌਜਵਾਨ ਨੂੰ ਖਾਲਿਸਤਾਨ ਹਮਾਇਤੀ ਪੋਸਟਰ ਲਾਈਕ ਕਰਨਾ ਪਿਆ ਮਹਿੰਗਾ

02/06/2019 1:34:11 AM

ਨਵੀਂ ਦਿੱਲੀ, (ਏਜੰਸੀਆਂ)– ਭਾਰਤ ਵਿਚ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਕੁਚਲਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਉੱਤਰਾਖੰਡ ਦੀ ਪੁਲਸ ਵਲੋਂ 2 ਫਰਵਰੀ ਨੂੰ 18 ਸਾਲ ਦੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਫੇਸਬੁੱਕ ’ਤੇ ਅਖੌਤੀ ਖਾਲਿਸਤਾਨ ਰਾਜ ਨਾਲ ਸਬੰਧਤ ਇਕ ਪੋਸਟ ਨੂੰ ਲਾਈਕ ਕਰਨ ਦੇ ਦੋਸ਼ ਹੇਠ ਗ੍ਰਿਫਤਾਰੀ ਪਿੱਛੋਂ ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਹੈ। ਬਾਅਦ ਵਿਚ ਲਿਖਤੀ ਮੁਆਫੀ ਮੰਗਣ ਅਤੇ ਆਪਣਾ ਫੇਸਬੁੱਕ ਅਕਾਊਂਟ ਡੀ-ਐਕਟੀਵੇਟ ਕਰਨ ਦੀ ਸ਼ਰਤ ’ਤੇ ਨੌਜਵਾਨ ਨੂੰ ਰਿਹਾਅ ਕਰ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਤਰਾਖੰਡ ਦੇ ਰੁਦਰਪੁਰ ਜ਼ਿਲੇ ਦੀ ਸਥਾਨਕ ਖੁਫੀਆ ਸ਼ਾਖਾ ਨੇ ਫੇਸਬੁੱਕ ’ਤੇ ਖਾਲਿਸਤਾਨ ਹਮਾਇਤੀ ਇਕ ਪੋਸਟ ਨੂੰ ਲਾਈਕ ਕਰਨ ਪਿੱਛੋਂ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਦੋਸ਼ ਹੈ ਕਿ ਪੁਲਸ ਨੇ ਨੌਜਵਾਨ ਨੂੰ ਡਰਾਉਣ ਅਤੇ ਸਮਾਜ ਵਿਚ ਡਰ ਪੈਦਾ ਕਰਨ ਲਈ ਉਸ ਕੋਲੋਂ ਅਪਰਾਧੀਆਂ ਵਾਂਗ ਪੁੱਛਗਿੱਛ ਕੀਤੀ।
ਰੁਦਰਪੁਰ ਦੇ ਐੱਸ.ਐੱਚ.ਓ. ਕੈਲਾਸ਼ ਚੰਦਰ ਭੱਟ ਨੇ ਮੀਡੀਆ ਨੂੰ ਦੱਸਿਆ ਕਿ ਲਿਖਤੀ ਮੁਆਫੀਨਾਮਾ ਦੇਣ ਪਿੱਛੋਂ ਨੌਜਵਾਨ ਨੂੰ ਰਿਹਾਅ ਕੀਤਾ ਗਿਆ। ਐੱਸ.ਐੱਚ. ਓ. ਨੇ ਕਿਹਾ ਕਿ ਪੁਲਸ ਉਕਤ ਪੋਸਟ ਸ਼ੇਅਰ ਕਰਨ ਵਾਲਿਆਂ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ। ਪੁਲਸ ਦਾ ਮੀਡੀਆ ਸੈੱਲ ਇਸ ਮਾਮਲੇ ਦੀ ਖੋਜ ਵਿਚ ਲੱਗਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਰੁਦਰਪੁਰ ਦੀ ਪੁਲਸ ਨੇ ਪਿਛਲੇ ਸਾਲ ਸਤੰਬਰ ਵਿਚ 2 ਨੌਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਖਾਲਿਸਤਾਨ ਹਮਾਇਤੀ ਮੁਹਿੰਮ ਚਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। 

KamalJeet Singh

This news is Content Editor KamalJeet Singh