ਸੈਂਕੜੇ ਪ੍ਰਦਰਸ਼ਨਕਾਰੀਆਂ ''ਤੇ ਭਾਰੀ ਪੈਣ ਵਾਲੇ ਨਿਹੰਗ ਸਿੰਘ ਨੂੰ ਕਿਉਂ ਆਇਆ ਗੁੱਸਾ

04/04/2018 8:40:47 PM

ਅੰਬਾਲਾ (ਅਮਨ ਕਪੂਰ)— ਐੱਸ.ਸੀ/ਐੱਸ.ਟੀ. ਐਕਟ 'ਚ ਬਦਲਾਅ ਦੇ ਵਿਰੋਧ 'ਚ ਭਾਰਤ ਬੰਦ ਦੌਰਾਨ ਸੋਮਵਾਰ ਨੂੰ ਅੰਬਾਲਾ 'ਚ ਪ੍ਰਦਰਸ਼ਨਕਾਰੀਆਂ ਨੇ ਹਾਈਵੇ 'ਤੇ ਜਾਮ ਲਗਾ ਦਿੱਤਾ ਸੀ। ਇਸ ਦੌਰਾਨ ਨਿਹੰਗ ਸਿੱਖ ਸਤਨਾਮ ਸਿੰਘ ਜੋ ਆਪਣੇ ਘਰ ਨੂੰ ਪਰਤ ਰਹੇ ਸੀ, ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਰੋਕਿਆ ਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਪ੍ਰੇਸ਼ਾਨ ਹੋ ਕੇ ਸਤਨਾਮ ਸਿੰਘ ਨੇ ਕਾਰ 'ਚੋਂ ਉਤਰ ਕੇ ਬਦਸਲੂਕੀ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤਲਵਾਰ ਦਿਖਾ ਕੇ ਭਜਾ ਦਿੱਤਾ ਸੀ। ਇਸ ਨੂੰ ਜਗ ਬਾਣੀ ਟੀ.ਵੀ. ਨੇ ਪ੍ਰਮੁੱਖ ਰੂਪ ਨਾਲ ਦਿਖਾਇਆ ਤੇ ਇਹ ਵੀਡੀਓ ਵਾਇਰਲ ਹੋ ਗਿਆ। ਅੰਬਾਲਾ ਦੇ ਰਹਿਣ ਵਾਲੇ ਸਤਨਾਮ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ।
ਐੱਸ.ਸੀ/ਐੱਸ.ਟੀ. ਐਕਟ 'ਚ ਬਦਲਾਅ ਦੇ ਵਿਰੋਧ 'ਚ ਦਲਿਤ ਭਾਈਚਾਰੇ ਦੇ ਪ੍ਰਦਰਸ਼ਨ ਵਿਚਾਲੇ ਅੰਬਾਲਾ ਦੇ ਰਹਿਣ ਵਾਲੇ ਸਤਨਾਮ ਸਿੰਘ ਦੀ ਬਹਾਦਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਪ੍ਰਦਰਸ਼ਨਕਾਰੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤੇ ਇਕ ਪ੍ਰਦਰਸ਼ਨਕਾਰੀ ਨੇ ਉਨ੍ਹਾਂ ਨੂੰ ਗਾਲ੍ਹ ਕੱਢ ਦਿੱਤੀ, ਜਿਸ ਤੋਂ ਬਾਅਦ ਸਤਨਾਮ ਸਿੰਘ ਤਲਵਾਰ ਲੈ ਕੇ ਉਨ੍ਹਾਂ ਪਿੱਛੇ ਭੱਜੇ। ਸਤਨਾਮ ਸਿੰਘ ਭਾਰਤੀ ਫੌਜ 'ਚ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੇ ਗਾਲ੍ਹ ਕੱਢੀ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁੱਸਾ ਆਇਆ ਤੇ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ।
ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਜਾਤੀ ਲੜਾਈ ਨਹੀਂ ਹੈ, ਇਸ ਲਈ ਕਿਸੇ ਤੋਂ ਡਰ ਵੀ ਨਹੀਂ ਲੱਗਾ। ਉਨ੍ਹਾਂ ਦੀ ਪਤਨੀ ਵੀ ਇਸ ਦੌਰਾਨ ਉਨ੍ਹਾਂ ਨਾਲ ਸੀ, ਸਤਨਾਮ ਸਿੰਘ ਨੇ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਰਨ ਦੇ ਤਰੀਕੇ ਨੂੰ ਗਲਤ ਕਿਹਾ ਤੇ ਕਿਹਾ ਵਿਰੋਧ ਹੋਰ ਤਰੀਕੇ ਨਾਲ ਵੀ ਹੋ ਸਕਦਾ ਹੈ, ਕਿਸੇ ਨੂੰ ਪ੍ਰੇਸ਼ਾਨ ਕਰਕੇ ਵਿਰੋਧ ਨਹੀਂ ਕੀਤਾ ਜਾਂਦਾ।