ਪੱ. ਬੰਗਾਲ ਦੇ ਲੋਕਾਂ ਨੇ ਮਮਤਾ ਨੂੰ ਨਮਸਤੇ ਤੇ ਟਾ-ਟਾ ਕਹਿਣ ਦਾ ਮਨ ਬਣਾਇਆ : ਨੱਢਾ

02/06/2021 11:07:33 PM

ਨਵਦੀਪ/ਮਾਲਦਾ (ਭਾਸ਼ਾ) - ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ ਸ਼ਨੀਵਾਰ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ਵਿਚ 15ਵੀਂ ਸ਼ਤਾਬਦੀ ਦੇ ਸੰਤ ਚੈਤਨਯ ਮਹਾਪ੍ਰਭੂ ਦੇ ਜਨਮ ਅਸਥਾਨ ਨਵਦੀਪ ਤੋਂ ਪੱਛਮੀ ਬੰਗਾਲ ਵਿਚ ਤਬਦੀਲੀ ਲਿਆਉਣ ਦੇ ਉਦੇਸ਼ ਨਾਲ ਭਾਜਪਾ ਦੀ 'ਪਰਿਵਰਤਨ ਯਾਤਰਾ' ਤਹਿਤ ਇਕ 'ਰੱਥ' ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਮਮਤਾ ਬੈਨਰਜੀ ਦੀ ਸਰਕਾਰ ਨੂੰ ਨਮਸਤੇ ਅਤੇ ਟਾ-ਟਾ ਕਹਿਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਸਰਕਾਰ ਪ੍ਰਸ਼ਾਸਨ ਦਾ ਸਿਆਸੀਕਰਨ ਅਤੇ ਪੁਲਸ ਦਾ ਅਪਰਾਧੀਕਰਨ ਕਰ ਰਹੀ ਹੈ। ਨੱਢਾ ਨੇ 'ਜੈ ਸ਼੍ਰੀ ਰਾਮ' ਦੇ ਨਾਅਰੇ ਨੂੰ ਲੈ ਕੇ ਮਮਤਾ ਦੀ ਨਾਰਾਜ਼ਗੀ ਦਾ ਮੁੱਦਾ ਵੀ ਉਠਾਇਆ ਅਤੇ ਇਸ ਨਾਅਰੇ ਨੂੰ ਦੇਸ਼ ਦੇ ਸੱਭਿਆਚਾਰ ਨਾਲ ਜੁੜਿਆ ਦੱਸਿਆ। ਉਨ੍ਹਾਂ ਪੁੱਛਿਆ ਕਿ ਮਮਤਾ ਜੈ ਸ਼੍ਰੀ ਰਾਮ ਦੇ ਨਾਅਰੇ ਨਾਲ ਇੰਨੀ ਨਫਰਤ ਕਿਉਂ ਕਰਦੀ ਹੈ? ਭਾਜਪਾ ਪ੍ਰਧਾਨ ਨੇ ਮਾਲਦਾ ਦੇ ਸ਼ਾਹਪੁਰ ਪਿੰਡ ਵਿਚ ਖੇਤੀਬਾੜੀ ਸੁਰੱਖਿਆ ਸਹਿ-ਭੋਜ ਦੇ ਤਹਿਤ ਕਿਸਾਨਾਂ ਨਾਲ ਭੋਜਨ ਵੀ ਕੀਤਾ। ਉਨ੍ਹਾਂ ਨੂੰ ਖਿੱਚੜੀ ਅਤੇ ਸਬਜ਼ੀ ਪਰੋਸੀ ਗਈ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੈਨਰਜੀ ਵੱਲੋਂ ਸ਼ੁਰੂ ਕੀਤੀ ਗਈ ਘਰੇਲੂ-ਬਾਹਰੀ ਦੀ ਬਹਿਸ ਦਾ ਜ਼ਿਕਰ ਕਰਦੇ ਹੋਏ ਭਾਜਪਾ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸੂਬਾਈ ਲੀਡਰਸ਼ਿਪ ਪੱਛਮੀ ਬੰਗਾਲ ਦੇ ਸੱਭਿਆਚਾਰ ਦੀ ਰੱਖਿਆ ਕਰੇਗੀ ਅਤੇ ਉਸ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਵੇਗੀ।
ਭਾਜਪਾ ਪ੍ਰਧਾਨ ਨੇ ਜੈ ਸ਼੍ਰੀ ਰਾਮ ਦੇ ਨਾਅਰਿਆਂ ਵਿਚਾਲੇ ਮਾਲਦਾ ਵਿਚ ਰੋਡ ਸ਼ੋਅ ਕੀਤਾ। ਫਵਾਰਾ ਮੋੜ ਅਤੇ ਗੁਰੂਦੇਵ ਰਬਿੰਦਰਨਾਥ ਟੈਗੋਰ ਦੇ ਬੁੱਤ ਵਿਚਾਲੇ 1 ਕਿਲੋਮੀਟਰ ਲੰਬੇ ਮਾਰਗ 'ਤੇ ਵਿਸ਼ੇਸ਼ ਰੂਪ ਨਾਲ ਸਜਾਏ ਗਏ ਇਕ ਵਾਹਨ 'ਤੇ ਸੂਬਾਈ ਪ੍ਰਧਾਨ ਦਿਲੀਪ ਘੋਸ਼ ਅਤੇ ਹੋਰਨਾਂ ਨਾਲ ਖੜ੍ਹੇ ਨੱਢਾ ਨੇ ਉਤਸ਼ਾਹੀ ਸਮਰਥਕਾਂ 'ਤੇ ਫੁੱਲ ਵ੍ਹਰਾਏ ਅਤੇ ਹੱਥ ਹਿਲਾ ਕੇ ਭੀੜ ਦਾ ਸੁਆਗਤ ਕੀਤਾ। ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਰੋਡ ਸ਼ੋਅ ਦੇਖਿਆ ਅਤੇ ਮੋਬਾਈਲ ਫੋਨ 'ਤੇ ਵੀਡੀਓ ਬਣਾਈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News