ਪੀ. ਸੀ. ਚਾਕੋ ਨੇ ਪਲਟਿਆ ਸ਼ੀਲਾ ਦੀਕਸ਼ਤ ਦਾ ਫੈਸਲਾ, ਬਹਾਲ ਕੀਤੀਆਂ ਬਲਾਕ ਕਮੇਟੀਆਂ

06/29/2019 11:34:20 PM

ਨਵੀਂ ਦਿੱਲੀ: ਦਿੱਲੀ ਕਾਂਗਰਸ ਪ੍ਰਮੁੱਖ ਸ਼ੀਲਾ ਦੀਕਸ਼ਤ ਵਲੋਂ ਪਾਰਟੀ ਦੀਆਂ ਸਾਰੀਆਂ 280 ਬਲਾਕ ਪੱਧਰੀ ਕਮੇਟੀਆਂ ਭੰਗ ਕੀਤੇ ਜਾਣ ਦੇ ਅਗਲੇ ਹੀ ਦਿਨ ਏ. ਆਈ. ਸੀ. ਸੀ. 'ਚ ਰਾਸ਼ਟਰੀ ਰਾਜਧਾਨੀ ਮਾਮਲਿਆਂ ਦੇ ਇੰਚਾਰਜ ਪੀ. ਸੀ. ਚਾਕੋ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ। ਇਸ ਕਦਮ ਨਾਲ ਦੋਵੇਂ ਨੇਤਾਵਾਂ ਵਿਚਾਲੇ ਮਤਭੇਦ ਦਾ ਸੰਕੇਤ ਮਿਲਦਾ ਹੈ।
ਪਾਰਟੀ ਸੂਤਰਾਂ ਮੁਤਾਬਕ ਦਿੱਲੀ ਦੇ ਪਾਰਟੀ ਮਾਮਲਿਆਂ ਦੇ ਇੰਚਾਰਜ ਚਾਕੋ ਨੇ ਬਲਾਕ ਕਮੇਟੀਆਂ ਨੂੰ ਭੰਗ ਕਰਨ 'ਤੇ ਰੋਕ ਲਗਾ ਦਿੱਤੀ ਤੇ ਆਪਣੇ ਹੁਕਮ ਦੀ ਕਾਪੀਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਦੀਕਸ਼ਤ ਨੂੰ ਭੇਜ ਦਿੱਤੀਆਂ। ਦੀਕਸ਼ਤ ਤੇ ਚਾਕੋ ਸਮੇਤ ਦਿੱਲੀ ਕਾਂਗਰਸ ਦੇ ਨੇਤਾ ਸ਼ੁੱਕਰਵਾਰ ਨੂੰ ਗਾਂਧੀ ਨੂੰ ਮਿਲੇ ਸਨ। ਗਾਂਧੀ ਨੇ ਉਨ੍ਹਾਂ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਇਕਜੁੱਟ ਹੋ ਕੇ ਕੰਮ ਕਰਨ ਦੀ ਸਲਾਹ ਦਿੱਤੀ ਸੀ। ਦੀਕਸ਼ਤ ਨੇ ਲੋਕਸਭਾ ਚੋਣਾਂ 'ਚ ਪਾਰਟੀ ਦੀ ਕਰਾਰੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਖੁਦ ਵਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਬਲਾਕ ਕਮੇਟੀਆਂ ਭੰਗ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਪੀ. ਸੀ. ਚਾਕੋਨੇ ਬਹਾਲ ਕਰ ਦਿੱਤਾ ਹੈ।