ਪਟਨਾ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ

06/11/2019 1:51:20 AM

ਪਟਨਾ: ਪਟਨਾ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਕਥਿਤ ਤੌਰ 'ਤੇ ਧਮਕੀ ਮਿਲਣ ਤੋਂ ਬਾਅਦ ਉਥੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਪਟਨਾ ਹਵਾਈ ਅੱਡੇ ਦੇ ਮੁੱਖ ਨਿਰਦੇਸ਼ਕ ਕੇ. ਐੱਸ. ਵਿਜਯਨ ਨੇ ਸੋਮਵਾਰ ਨੂੰ ਦੱਸਿਆ ਕਿ ਐਤਵਾਰ ਦੀ ਰਾਤ ਲਗਭਗ 9.30 ਵਜੇ ਟੈਲੀਫੋਨ 'ਤੇ ਇਕ ਕਾਲ ਕੋਲਕਾਤਾ ਤੋਂ ਆਈ ਸੀ, ਜਿਸ 'ਚ ਪਟਨਾ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ 'ਚ ਪਟਨਾ ਹਵਾਈ ਅੱਡਾ ਥਾਣੇ 'ਚ ਐੱਫ. ਆਈ. ਆਰ. ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਲ ਤੋਂ ਬਾਅਦ ਰਾਤ ਲਗਭਗ 12.15 ਵਜੇ ਹਵਾਈ ਅੱਡਾ ਕੰਪਲੈਕਸ 'ਚ ਜ਼ਬਰਦਸਤ ਤਲਾਸ਼ੀ ਲਈ ਗਈ ਅਤੇ ਜਾਂਚ ਕੀਤੀ ਗਈ ਅਤੇ ਸਭ ਕੁਝ ਠੀਕ ਪਾਇਆ ਗਿਆ। ਡੀ. ਐੱਸ. ਪੀ., ਸਕੱਤਰੇਤ ਆਰ. ਕੇ. ਭਾਸਕਰ ਨੇ ਦੱਸਿਆ ਕਿ ਜਿਸ ਫੋਨ ਨੰਬਰ ਤੋਂ ਕਾਲ ਆਈ ਸੀ, ਉਸ ਦੀ ਪਛਾਣ ਕੀਤੀ ਜਾ ਰਹੀ ਹੈ।